ਇਕ ਕਰੋੜ ਦੀ ਲਾਗਤ ਨਾਲ ਬਣੀ ਨਵੀਂ ਸੜਕ ਰਾਤੋ-ਰਾਤ ਪੁੱਟੀ ਇਕ ਕਰੋੜ ਦੀ ਲਾਗਤ ਨਾਲ ਬਣੀ ਨਵੀਂ ਸੜਕ ਰਾਤੋ-ਰਾਤ ਪੁੱਟੀ,
Publish Date: Sun, 20 Sep 2026 08:15 PM (IST)
Updated Date: Mon, 21 Sep 2026 04:11 AM (IST)
ਜੇਸੀਬੀ ਜ਼ਬਤ, ਇਲਾਕਾ ਵਾਸੀਆਂ ਚ ਰੋਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਸਭ ਤੋਂ ਪ੍ਰਮੁੱਖ ਅਤੇ ਖ਼ੂਬਸੂਰਤ ਇਲਾਕਿਆਂ ਚੋਂ ਇਕ ਹੈਬਤਪੁਰ ਰੋਡ ਤੇ ਸ਼ਨਿਚਰਵਾਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਛੁੱਟੀ ਵਾਲੇ ਦਿਨ ਰਾਤ ਦੇ ਸਮੇਂ ਜੇਸੀਬੀ ਮਸ਼ੀਨ ਦੀ ਵਰਤੋਂ ਕਰਕੇ ਅੱਧੀ ਸੜਕ ਪੁੱਟ ਦਿੱਤੀ ਗਈ। ਜਾਣਕਾਰੀ ਅਨੁਸਾਰ ਇਹ ਖ਼ੁਦਾਈ ਸੀਵਰੇਜ ਕੁਨੈਕਸ਼ਨ ਜੋੜਨ ਲਈ ਕੀਤੀ ਜਾ ਰਹੀ ਸੀ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਕੰਮ ਤੁਰੰਤ ਬੰਦ ਕਰਵਾ ਦਿੱਤਾ ਅਤੇ ਖ਼ੁਦਾਈ ਵਿਚ ਲੱਗੀ ਜੇਸੀਬੀ ਮਸ਼ੀਨ ਨੂੰ ਜ਼ਬਤ ਕਰ ਲਿਆ। ਹੈਬਤਪੁਰ ਰੋਡ ਨੂੰ ਸੁਧਾਰਨ ਅਤੇ ਆਲੇ-ਦੁਆਲੇ ਦੀ ਸਫ਼ਾਈ ਲਈ ਨਗਰ ਕੌਂਸਲ ਵੱਲੋਂ ਲਗਭਗ ਇਕ ਮਹੀਨੇ ਤੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਸੀ। ਇਸ ਤੋਂ ਬਾਅਦ ਹਾਲ ਹੀ ਵਿਚ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਨਾਲ ਇਸ ਸੜਕ ਦੀ ਰੀਕਾਰਪੇਟਿੰਗ (ਨਵੀਂ ਲੇਅਰ) ਕੀਤੀ ਗਈ ਸੀ। ਨਵੀਂ ਬਣੀ ਸੜਕ ਦੀ ਇਸ ਤਰ੍ਹਾਂ ਖ਼ੁਦਾਈ ਹੋਣ ਨਾਲ ਸਰਕਾਰੀ ਪੈਸੇ ਦੀ ਬਰਬਾਦੀ, ਸੜਕ ਦੀ ਗੁਣਵੱਤਾ ਅਤੇ ਰੱਖ-ਰਖਾਅ ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਨਿਵਾਸੀਆਂ ਨੇ ਛੁੱਟੀ ਵਾਲੇ ਦਿਨ ਅਤੇ ਰਾਤ ਦੇ ਅੱਠ ਵਜੇ ਦੇ ਕਰੀਬ ਕੀਤੀ ਗਈ ਇਸ ਕਾਰਵਾਈ ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਲੋਕਾਂ ਨੇ ਸਵਾਲ ਚੁੱਕਿਆ ਕੀ ਸੜਕ ਕੱਟਣ ਅਤੇ ਸੀਵਰੇਜ ਕੁਨੈਕਸ਼ਨ ਜੋੜਨ ਲਈ ਸਬੰਧਤ ਵਿਭਾਗ ਤੋਂ ਅਧਿਕਾਰਤ ਇਜਾਜ਼ਤ ਲਈ ਗਈ ਸੀ? ਜੇਕਰ ਇਜਾਜ਼ਤ ਮਿਲੀ ਵੀ ਸੀ, ਤਾਂ ਇਹ ਕੰਮ ਦਿਨ ਦੀ ਥਾਂ ਰਾਤ ਵੇਲੇ ਅਤੇ ਸੜਕ ਦੇ ਐਡੇ ਵੱਡੇ ਹਿੱਸੇ ਤੇ ਕਿਉਂ ਕੀਤਾ ਗਿਆ? ਹਾਲਾਂਕਿ ਅਜੇ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸੀਵਰੇਜ ਕੁਨੈਕਸ਼ਨ ਮੁਕੰਮਲ ਹੋ ਗਿਆ ਸੀ ਜਾਂ ਕੰਮ ਵਿਚਾਲੇ ਹੀ ਅਧੂਰਾ ਛੱਡ ਦਿੱਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਅਤੇ ਸੜਕ ਦੀ ਤੁਰੰਤ ਮੁਰੰਮਤ ਕਰਵਾਏ। ਮੌਕੇ ਤੇ ਮੌਜੂਦ ਕੰਪਨੀ ਦੇ ਜਨਰਲ ਮੈਨੇਜਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੜਕ ਦੀ ਪੂਰੀ ਜ਼ਿੰਮੇਵਾਰੀ ਨਾਲ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕ ਨੂੰ ਪਹਿਲਾਂ ਵਾਂਗ ਹੀ ਚੰਗੀ ਹਾਲਤ ਵਿਚ ਬਹਾਲ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਇਲਾਕਾ ਵਾਸੀ ਨਗਰ ਕੌਂਸਲ ਦੀ ਅਗਲੀ ਕਾਰਵਾਈ ਅਤੇ ਸੜਕ ਦੀ ਮੁਰੰਮਤ ਦੇ ਕੰਮ ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਜਦੋਂ ਇਸ ਬਾਰੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਸੀਬੀ ਮਸ਼ੀਨ ਨੂੰ ਮੌਕੇ ਤੋਂ ਕਾਬੂ ਕਰਕੇ ਨਗਰ ਕੌਂਸਲ ਦਫ਼ਤਰ ਡੇਰਾਬੱਸੀ ਵਿਖੇ ਬੰਦ ਕਰ ਦਿੱਤਾ ਗਿਆ। ਜਿਸ ਨੂੰ ਕਾਨੂੰਨ ਮੁਤਾਬਕ ਜੁਰਮਾਨਾ ਲਗਾਇਆ ਜਾਵੇਗਾ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।