ਬੱਚਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ: ਨੌਜਵਾਨ 'ਤੇ ਤਲਵਾਰਾਂ ਤੇ ਰਾਡਾਂ ਨਾਲ ਜਾਨਲੇਵਾ ਹਮਲਾ, ਹਾਲਤ ਗੰਭੀਰ! ਡੇਰਾਬੱਸੀ ਦੇ ਮੁਬਾਰਕਪੁਰ ਇਲਾਕੇ ’ਚ ਬੱਚਿਆਂ ਦੇ ਮਾਮੂਲੀ ਝਗੜੇ ਨੂੰ ਲੈ ਕੇ ਇਕ ਪਰਿਵਾਰ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ’ਚ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Tue, 21 Jul 2026 11:29 AM (IST)
Updated Date: Tue, 21 Jul 2026 11:34 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਮੁਬਾਰਕਪੁਰ ਇਲਾਕੇ ’ਚ ਬੱਚਿਆਂ ਦੇ ਮਾਮੂਲੀ ਝਗੜੇ ਨੂੰ ਲੈ ਕੇ ਇਕ ਪਰਿਵਾਰ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ’ਚ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਫਤੀਸ਼ੀ ਅਫ਼ਸਰ ਏਐੱਸਆਈ ਲਖਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਗੁਰਵਿੰਦਰ ਸ਼ਰਮਾ ਵਾਸੀ ਸਿਲਵਰ ਸਿਟੀ ਡ੍ਰੀਮਜ਼, ਮੁਬਾਰਕਪੁਰ, ਡੇਰਾਬੱਸੀ ਜੋ ਕਿ ਘੋਲੂ ਮਾਜਰਾ ’ਚ ਕਬਾੜ ਦੀ ਦੁਕਾਨ ਚਲਾਉਂਦਾ ਹੈ, ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ 18 ਜੁਲਾਈ ਦੀ ਸ਼ਾਮ ਕਰੀਬ 6 ਵਜੇ ਜਦੋਂ ਉਸਦੀ ਪਤਨੀ ਘਰ ’ਚ ਸੀ, ਤਾਂ ਗੁਆਂਢੀ ਪਰਦੀਪ ਗਰਗ ਤੇ ਉਸਦੇ 5 ਤੋਂ 7 ਸਾਲ ਦੇ ਬੱਚਿਆਂ ਦੀ ਆਪਸ ’ਚ ਲੜਾਈ ਹੋ ਗਈ। ਇਸੇ ਗੱਲ ਦੀ ਸ਼ਿਕਾਇਤ ਨੂੰ ਲੈ ਕੇ ਪਰਦੀਪ ਗਰਗ ਦੀ ਪਤਨੀ ਸਪਨਾ ਉਨ੍ਹਾਂ ਦੇ ਘਰ ਆਈ ਤੇ ਉਸਦੀ ਪਤਨੀ ਨੂੰ ਕਾਫ਼ੀ ਬੁਰਾ-ਭਲਾ ਬੋਲਦਿਆਂ ਧਮਕੀਆਂ ਦੇ ਕੇ ਚਲੀ ਗਈ। ਜਦੋਂ ਗੁਰਵਿੰਦਰ ਸ਼ਰਮਾ ਘਰ ਪਰਤਿਆ ਤਾਂ ਉਸਦੀ ਪਤਨੀ ਨੇ ਇਸ ਬਾਰੇ ਦੱਸਿਆ। ਉਹ ਦੋਵੇਂ ਗੱਲਬਾਤ ਕਰਨ ਲਈ ਪਰਦੀਪ ਗਰਗ ਦੇ ਘਰ ਗਏ ਪਰ ਉੱਥੇ ਸਪਨਾ ਉਨ੍ਹਾਂ ਦੇ ਗਲ਼-ਪੈ ਗਈ ਤੇ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ।
ਪੀੜਤ ਅਨੁਸਾਰ, ਅਗਲੇ ਦਿਨ ਯਾਨੀ 19 ਜੁਲਾਈ ਦੀ ਰਾਤ ਕਰੀਬ 1:30 ਵਜੇ ਉਸਦੀ ਪਤਨੀ ਨੇ ਫੋਨ ’ਤੇ ਦੱਸਿਆ ਕਿ ਪਰਦੀਪ ਗਰਗ ਉਨ੍ਹਾਂ ਦੇ ਘਰ ’ਤੇ ਪੱਥਰਬਾਜ਼ੀ ਕਰ ਰਿਹਾ ਹੈ। ਜਦੋਂ ਗੁਰਵਿੰਦਰ ਤੁਰੰਤ ਆਪਣੇ ਘਰ ਪਹੁੰਚਿਆ, ਤਾਂ ਉਸਨੇ ਦੇਖਿਆ ਕਿ ਪਰਦੀਪ ਗਰਗ ਆਪਣੀ ਫਾਰਚੂਨਰ ਗੱਡੀ ’ਚ ਸਵਾਰ ਸੀ ਤੇ ਉਸਦੇ ਨਾਲ ਦੋ ਹੋਰ ਕਾਰਾਂ ਮੌਜੂਦ ਸਨ। ਖ਼ਤਰੇ ਨੂੰ ਦੇਖਦਿਆਂ ਜਦੋਂ ਗੁਰਵਿੰਦਰ ਨੇ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਤਾਂ ਹਮਲਾਵਰਾਂ ਨੇ ਆਪਣੀਆਂ ਗੱਡੀਆਂ ਉਸਦੇ ਪਿੱਛੇ ਲੱਗਾ ਕੇ ਉਸਨੂੰ ਘੇਰ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ’ਤੇ ਤਲਵਾਰਾਂ ਤੇ ਲੋਹੇ ਦੀਆਂ ਰਾਡਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪਰਦੀਪ ਗਰਗ, ਸਪਨਾ ਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।