ਵਿਸ਼ਵ ਓਜ਼ੋਨ ਦਿਵਸ : ਵਾਤਾਵਰਨ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ : ਰਾਜਨ ਸ਼ਰਮਾ ਵਿਸ਼ਵ ਓਜ਼ੋਨ ਦਿਵਸ : ਵਾਤਾਵਰਨ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ : ਰਾਜਨ ਸ਼ਰਮਾ
Publish Date: Wed, 16 Sep 2026 09:12 PM (IST)
Updated Date: Thu, 17 Sep 2026 04:08 AM (IST)
ਫੋਟੋ ਕੈਪਸ਼ਨ : ਲੈਕਚਰਾਰ ਰਾਜਨ ਸ਼ਰਮਾ। 38ਪੀ ਰੋਹਿਤ ਗੁਪਤਾ, ਪੰਜਾਬੀ ਜਾਗਰਣ, ਮਾਜਰੀ : “ਅੱਜ ਦੇ ਸਮੇਂ ਵਿਚ ਸਾਡਾ ਵਾਤਾਵਰਨ ਗੰਭੀਰ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ, ਜੋ ਸਮੁੱਚੀ ਮਨੁੱਖਤਾ ਲਈ ਚਿੰਤਾ ਦਾ ਵਿਸ਼ਾ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਵਾਤਾਵਰਨ ਪ੍ਰਚਾਰਕ ਅਤੇ ਲੈਕਚਰਾਰ ਰਾਜਨ ਸ਼ਰਮਾ ਨੇ ਵਿਸ਼ਵ ਓਜ਼ੋਨ ਦਿਵਸ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਵੱਲੋਂ ਕੁਦਰਤ ਪ੍ਰਤੀ ਕੀਤੀਆਂ ਜਾ ਰਹੀਆਂ ਅਣਗਹਿਲੀਆਂ ਦਾ ਸਿੱਧਾ ਪ੍ਰਭਾਵ ਸਾਡੇ ਆਲੇ-ਦੁਆਲੇ ਦੇ ਵਾਤਾਵਰਨ, ਪੀਣ ਵਾਲੇ ਪਾਣੀ ਅਤੇ ਸਾਹ ਲੈਣ ਲਈ ਲੋੜੀਂਦੀ ਸਾਫ਼ ਹਵਾ ’ਤੇ ਪੈ ਰਿਹਾ ਹੈ। ਵਾਤਾਵਰਨ ਵਿਚ ਵਧਦਾ ਪ੍ਰਦੂਸ਼ਣ ਨਾ ਸਿਰਫ਼ ਮਨੁੱਖੀ ਸਿਹਤ ਲਈ ਗੰਭੀਰ ਚੁਣੌਤੀ ਬਣ ਰਿਹਾ ਹੈ, ਸਗੋਂ ਕੁਦਰਤੀ ਸੰਤੁਲਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਰਾਜਨ ਸ਼ਰਮਾ ਨੇ ਕਿਹਾ ਕਿ ਧਰਤੀ ਨੂੰ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਣ ਵਾਲੀ ਓਜ਼ੋਨ ਪਰਤ ਸਾਡੇ ਵਾਤਾਵਰਨ ਦਾ ਇਕ ਬੇਹੱਦ ਮਹੱਤਵਪੂਰਨ ਹਿੱਸਾ ਹੈ। ਇਸ ਦੀ ਸੁਰੱਖਿਆ ਲਈ ਵਿਸ਼ਵ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਅਤੇ ਵਾਤਾਵਰਨ ਪੱਖੀ ਜੀਵਨਸ਼ੈਲੀ ਅਪਣਾਉਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਨੂੰ ਸਿਰਫ਼ ਸਰਕਾਰਾਂ ਜਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਨਾ ਸਮਝਿਆ ਜਾਵੇ, ਸਗੋਂ ਹਰ ਵਿਅਕਤੀ ਆਪਣੇ ਪੱਧਰ ’ਤੇ ਵਾਤਾਵਰਨ ਦੀ ਰੱਖਿਆ ਲਈ ਯੋਗਦਾਨ ਪਾਵੇ। ਪੌਦੇ ਲਗਾਉਣ, ਪਲਾਸਟਿਕ ਦੀ ਵਰਤੋਂ ਘਟਾਉਣ, ਪਾਣੀ ਦੀ ਸੰਭਾਲ ਕਰਨ ਅਤੇ ਪ੍ਰਦੂਸ਼ਣ ਘਟਾਉਣ ਵਰਗੇ ਛੋਟੇ-ਛੋਟੇ ਉਪਰਾਲੇ ਵੀ ਵੱਡਾ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕੁਦਰਤੀ ਵਾਤਾਵਰਨ ਤੋਂ ਸਾਨੂੰ ਜੀਵਨ ਮਿਲਿਆ ਹੈ, ਉਸ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਅੱਜ ਵਾਤਾਵਰਨ ਦੀ ਸੁਰੱਖਿਆ ਲਈ ਗੰਭੀਰ ਕਦਮ ਚੁੱਕਾਂਗੇ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ, ਸ਼ੁੱਧ ਪਾਣੀ ਅਤੇ ਸਿਹਤਮੰਦ ਵਾਤਾਵਰਨ ਮੁਹੱਈਆ ਕਰਵਾ ਸਕਾਂਗੇ।