ਮੁਹਾਲੀ ਪੁਲਿਸ ਅਪਰੇਸ਼ਨ ਸੈੱਲ ’ਚ ਦੀਵਾਲੀ ਦੀ ਰਾਤ ਲੱਗੀ ਭਿਆਨਕ ਅੱਗ ਮੁਹਾਲੀ ਪੁਲਿਸ ਅਪਰੇਸ਼ਨ ਸੈੱਲ 'ਚ ਦੀਵਾਲੀ ਦੀ ਰਾਤ ਲੱਗੀ ਭਿਆਨਕ ਅੱਗ
Publish Date: Mon, 09 Nov 2026 06:32 PM (IST)
Updated Date: Tue, 10 Nov 2026 04:06 AM (IST)
-ਕੇਸ ਪ੍ਰਾਪਰਟੀ ਵਜੋਂ ਜ਼ਬਤ ਕੀਤੀਆਂ ਕਈ ਗੱਡੀਆਂ ਤੇ ਮੋਟਰਸਾਈਕਲ ਸੜ ਕੇ ਸੁਆਹ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਦੀਵਾਲੀ ਦੀ ਰਾਤ ਜਿੱਥੇ ਪੂਰਾ ਸ਼ਹਿਰ ਰੌਸ਼ਨੀਆਂ ਅਤੇ ਜਸ਼ਨਾਂ ਮਨਾਉਣ ’ਚ ਡੁੱਬਿਆ ਹੋਇਆ ਸੀ, ਉੱਥੇ ਹੀ ਮੁਹਾਲੀ ਦੇ ਫੇਜ਼-7 ਸਥਿਤ ਪੁਲਿਸ ਆਪ੍ਰੇਸ਼ਨ ਸੈੱਲ ਦੇ ਥਾਣਾ ਕੰਪਲੈਕਸ ਅੰਦਰ ਅਚਾਨਕ ਭਿਆਨਕ ਅੱਗ ਲੱਗਣ ਨਾਲ ਭਾਰੀ ਹੜਕੰਪ ਮਚ ਗਿਆ। ਪੁਲਿਸ ਕੰਪਲੈਕਸ ’ਚ ਬੇਸੁਮਾਰ ਝਾੜੀਆਂ ਅਤੇ ਘਾਹ-ਫੂਸ ਉੱਗਿਆ ਹੋਣ ਕਾਰਨ ਦੇਖਦੇ ਹੀ ਦੇਖਦੇ ਅੱਗ ਬੜੀ ਤੇਜ਼ੀ ਨਾਲ ਫੈਲ ਗਈ। ਪੁਲਿਸ ਵੱਲੋਂ ਵੱਖ-ਵੱਖ ਕੇਸਾਂ ’ਚ ਜ਼ਬਤ ਕੀਤੇ ਗਏ ਵਾਹਨਾਂ ਨੂੰ ਅੱਗ ਨੇ ਆਪਣੀ ਲਪੇਟ ’ਚ ਲੈ ਲਿਆ। ਇਸ ਹਾਦਸੇ ’ਚ ਕੇਸ ਪ੍ਰਾਪਰਟੀ (ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਜ਼ਬਤ) ਵੱਡੀ ਮਾਤਰਾ ’ਚ ਚਾਰ-ਪਹੀਆ ਵਾਹਨ ਅਤੇ ਮੋਟਰ ਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁਹਾਲੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਬਚਾਅ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਅੱਗ ਬੁਝਾਊ ਦਸਤੇ ਨੂੰ ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਕਾਰਨ ਅੱਗ ਤੇ ਕਾਬੂ ਪਾਉਣਾ ਕਾਫ਼ੀ ਚੁਣੌਤੀਪੂਰਨ ਰਿਹਾ, ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਅਤੇ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਹਾਲਾਂਕਿ, ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਪੁਲਿਸ ਕੰਪਲੈਕਸ ’ਚ ਖੜ੍ਹੀਆਂ ਕਈ ਕੀਮਤੀ ਗੱਡੀਆਂ ਅਤੇ ਦੋ-ਪਹੀਆ ਵਾਹਨ ਸੜ ਕੇ ਸੁਆਹ ਹੋ ਚੁੱਕੇ ਸਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਅੱਗ ਲੱਗਣ ਦੀ ਘਟਨਾ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਥਾਣੇ ਦੇ ਅੰਦਰ ਮੌਜੂਦ ਪੁਲਿਸ ਮੁਲਾਜ਼ਮ ਅਤੇ ਆਸ-ਪਾਸ ਦੇ ਲੋਕ ਸੁਰੱਖਿਅਤ ਹਨ। ਪ੍ਰੰਤੂ, ਮਾਲੀ ਨੁਕਸਾਨ ਕਾਫ਼ੀ ਵੱਡੇ ਪੱਧਰ ਤੇ ਹੋਇਆ ਹੈ। ਵੱਖ-ਵੱਖ ਅਪਰਾਧਿਕ ਮਾਮਲਿਆਂ ਦੀ ਜਾਂਚ ਨਾਲ ਸਬੰਧਤ ਅਹਿਮ ਕੇਸ ਪ੍ਰਾਪਰਟੀ ਵਾਹਨਾਂ ਦੇ ਨਸ਼ਟ ਹੋ ਜਾਣ ਨਾਲ ਪੁਲਿਸ ਪ੍ਰਸ਼ਾਸਨ ਲਈ ਆਰਥਿਕ ਅਤੇ ਕਾਨੂੰਨੀ ਪੱਖੋਂ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਅੱਗ ਲੱਗਣ ਦੇ ਅਸਲ ਅਤੇ ਸਪੱਸ਼ਟ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਅੰਦਾਜ਼ਿਆਂ ਮੁਤਾਬਕ ਜਾਂਚ ਇਸ ਗੱਲ ’ਤੇ ਕੇਂਦਰਿਤ ਹੈ ਕਿ ਅੱਗ ਦੀ ਇਹ ਘਟਨਾ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਦੀ ਕਿਸੇ ਚੰਗਿਆੜੀ ਕਾਰਨ ਵਾਪਰੀ ਹੈ ਜਾਂ ਥਾਣਾ ਕੰਪਲੈਕਸ ’ਚ ਸ਼ਾਰਟ ਸਰਕਟ ਹੋਣਾ ਇਸ ਦਾ ਮੁੱਖ ਕਾਰਨ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੋਰੈਂਸਿਕ ਟੀਮਾਂ ਅਤੇ ਤਕਨੀਕੀ ਮਾਹਰਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪੂਰੀ ਤਰ੍ਹਾਂ ਖੁਲਾਸਾ ਹੋ ਸਕੇਗਾ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ’ਚ ਭਾਰੀ ਚਿੰਤਾ ਦਾ ਮਾਹੌਲ ਹੈ। ਬਾਕਸ: ਪੁਲਿਸ ਕੰਪਲੈਕਸ ’ਚ ਅੱਗ ਲੱਗਣ ਕਾਰਨ ਜ਼ਬਤ ਕੀਤੀਆਂ ਗਈਆਂ ਗੱਡੀਆਂ ਅਤੇ ਮੋਟਰ ਸਾਈਕਲਾਂ ਦੇ ਸੜ ਜਾਣ ਨਾਲ ਅਪਰਾਧਿਤ ਮਾਮਲਿਆਂ ਵਿਚ ਪੁਲਿਸ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਕੇਸ ਪ੍ਰਾਪਰਟੀ ਵਾਹਨ ਸੜਨ ਨਾਲ ਪੁਲਿਸ ਦੀ ਤਫ਼ਤੀਸ਼ ਕਮਜ਼ੋਰ ਪੈ ਸਕਦੀ ਹੈ ਅਤੇ ਮੁਲਜ਼ਮਾਂ ਨੂੰ ਵੱਡਾ ਲਾਭ ਮਿਲ ਸਕਦਾ ਹੈ? ਇਕ ਡੀਐੱਸਪੀ ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਕੇਸਾਂ ਦੀ ਸੁਣਵਾਈ ਦੌਰਾਨ ਪੁਲਿਸ ਨੂੰ ਆਪਣਾ ਪੱਖ ਮਜਬੂਤ ਬਣਾਉਣ ਲਈ ਨਵੇਂ ਸਿਰਿਓਂ ਸਪਲੀਮੈਂਟ ਚਾਲਾਨ ਪੇਸ਼ ਕਰਨਾ ਹੋਵੇਗਾ। ਜਿਸ ’ਚ ਦੀਵਾਲੀ ਦੀ ਰਾਤ ਅਚਾਨਕ ਅੱਗ ਲੱਗਣ ਕਾਰਨ ਕੇਸ ਪ੍ਰਾਪਰਟੀ ਵਾਹਨ ਸੜਨ ਬਾਰੇ ਵਿਸਥਾਰ ਰਿਪੋਰਟ ਅਦਾਲਤ ’ਚ ਪੇਸ਼ ਕੀਤੀ ਜਾਵੇਗੀ।