ਸਵੇਰੇ 5 ਵਜੇ ਸਿਹਤ ਵਿਭਾਗ ਦਾ ਛਾਪਾ, 200 ਕਿੱਲੋ ਪਨੀਰ ਦੀ ਖੇਪ ਕਾਬੂ ਤਿਉਹਾਰੀ ਮੌਸਮ ਤੋਂ ਪਹਿਲਾਂ ਖਾਣ-ਪੀਣ ਦੀਆਂ ਵਸਤਾਂ ’ਤੇ ਨਜ਼ਰ,
Publish Date: Sat, 03 Oct 2026 07:00 PM (IST)
Updated Date: Sat, 03 Oct 2026 07:01 PM (IST)
- ਤਿਉਹਾਰੀ ਮੌਸਮ ਤੋਂ ਪਹਿਲਾਂ ਖਾਣ-ਪੀਣ ਦੀਆਂ ਵਸਤਾਂ ’ਤੇ ਤਿੱਖੀ ਨਜ਼ਰ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਤਿਉਹਾਰਾਂ ਦਾ ਮੌਸਮ ਨੇੜੇ ਆਉਂਦਿਆਂ ਹੀ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਖੁਰਾਕ ਸੁਰੱਖਿਆ ਵਿਭਾਗ ਨੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਸ਼ਨੀਵਾਰ ਸਵੇਰੇ ਰਾਮਦਰਬਾਰ ਸਥਿਤ ਮੰਡੀ ਗਰਾਊਂਡ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਕਰੀਬ 200 ਕਿੱਲੋ ਪਨੀਰ ਦੀ ਖੇਪ ਕਾਬੂ ਕੀਤੀ। ਵਿਭਾਗ ਦੀ ਟੀਮ ਨੇ ਸੂਚਨਾ ਦੇ ਆਧਾਰ ’ਤੇ ਸਵੇਰੇ ਕਰੀਬ ਪੰਜ ਵਜੇ ਪਨੀਰ ਲੈ ਕੇ ਜਾ ਰਹੀ ਬੋਲੇਰੋ ਪਿਕਅੱਪ ਨੂੰ ਰੋਕ ਕੇ ਜਾਂਚ ਕੀਤੀ। ਜਾਂਚ ਦੌਰਾਨ ਵਾਹਨ ’ਚ ਕਰੀਬ 200 ਕਿੱਲੋ ਪਨੀਰ ਮਿਲਿਆ। ਵਿਭਾਗ ਨੇ ਪੂਰੀ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਕੋਲਡ ਸਟੋਰੇਜ ’ਚ ਰਖਵਾ ਦਿੱਤਾ ਹੈ। ਪਨੀਰ ਦਾ ਨਮੂਨਾ ਜਾਂਚ ਲਈ ਐਨਏਬੀਐੱਲ ਤੋਂ ਮਾਨਤਾ ਪ੍ਰਾਪਤ ਖੁਰਾਕ ਵਿਸ਼ਲੇਸ਼ਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਹੈ। ਹੁਣ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪਨੀਰ ਦੀ ਗੁਣਵੱਤਾ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਰਿਪੋਰਟ ਦੇ ਆਧਾਰ ’ਤੇ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। ਤਿਉਹਾਰਾਂ ਦੌਰਾਨ ਵਧਦੀ ਖਪਤ ’ਤੇ ਵਿਭਾਗ ਦੀ ਨਜ਼ਰ ਤਿਉਹਾਰਾਂ ਦੇ ਦਿਨਾਂ ’ਚ ਘਰਾਂ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਫਾਸਟ ਫੂਡ ਕੇਂਦਰਾਂ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ’ਤੇ ਪਨੀਰ, ਦੁੱਧ ਅਤੇ ਹੋਰ ਕੱਚੇ ਖਾਦ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਖੁਰਾਕ ਸੁਰੱਖਿਆ ਪ੍ਰਸ਼ਾਸਨ ਨੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪਨੀਰ, ਦੁੱਧ ਅਤੇ ਹੋਰ ਕੱਚਾ ਖਾਦ ਸਮਾਨ ਸਿਰਫ਼ ਅਧਿਕਾਰਤ ਅਤੇ ਭਰੋਸੇਯੋਗ ਸਪਲਾਇਰਾਂ ਤੋਂ ਹੀ ਖਰੀਦਣ ਦੀ ਹਦਾਇਤ ਕੀਤੀ ਹੈ। ਕਾਰੋਬਾਰੀਆਂ ਨੂੰ ਖਰੀਦ ਨਾਲ ਸਬੰਧਤ ਬਿੱਲ ਅਤੇ ਰਸੀਦਾਂ ਵੀ ਸੰਭਾਲ ਕੇ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਖਾਣੇ ’ਚ ਵਰਤੇ ਜਾਣ ਵਾਲੇ ਪਨੀਰ ਦੀ ਕਿਸਮ ਅਤੇ ਗੁਣਵੱਤਾ ਸਬੰਧੀ ਜਾਣਕਾਰੀ ਮੇਨੂ ਜਾਂ ਕਾਰੋਬਾਰੀ ਥਾਂ ’ਤੇ ਸਪੱਸ਼ਟ ਤੌਰ ’ਤੇ ਦਰਸਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਅਚਾਨਕ ਜਾਂਚਾਂ ਦਾ ਦੌਰ ਰਹੇਗਾ ਜਾਰੀ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਅਚਾਨਕ ਜਾਂਚਾਂ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਜਾਂਚਾਂ ਦਾ ਦਾਇਰਾ ਸਿਰਫ਼ ਪਨੀਰ ਸਪਲਾਇਰਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਮਿਠਾਈ ਦੀਆਂ ਦੁਕਾਨਾਂ ਅਤੇ ਹੋਰ ਖਾਦ ਅਦਾਰਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਅਜਿਹੀ ਸਥਿਤੀ ’ਚ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਕੱਚੇ ਖਾਦ ਸਾਮਾਨ ਦੀ ਖਰੀਦ ਨਾਲ ਸਬੰਧਤ ਦਸਤਾਵੇਜ਼ ਸੰਭਾਲ ਕੇ ਰੱਖਣ ਅਤੇ ਸਮਾਨ ਦੀ ਗੁਣਵੱਤਾ ਪ੍ਰਤੀ ਸਾਵਧਾਨ ਰਹਿਣ। ਲੋਕ ਵੀ ਖ਼ਰੀਦਦਾਰੀ ਸਮੇਂ ਰਹਿਣ ਸੁਚੇਤ ਤਿਉਹਾਰੀ ਮੌਸਮ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਖਰੀਦਦਾਰੀ ਕਰਦੇ ਸਮੇਂ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਮਿਲਾਵਟੀ ਜਾਂ ਅਸੁਰੱਖਿਅਤ ਦੁੱਧ ਜਾਂ ਪਨੀਰ ਸਬੰਧੀ ਕੋਈ ਸ਼ੱਕ ਹੋਵੇ ਤਾਂ ਇਸ ਦੀ ਸੂਚਨਾ ‘ਫੂਡ ਸੇਫਟੀ ਕਨੈਕਟ ਐਪ’ ਰਾਹੀਂ ਦਿੱਤੀ ਜਾਵੇ। ਇਸ ਤੋਂ ਇਲਾਵਾ ਵਿਭਾਗ ਦੇ ਹੈਲਪਲਾਈਨ ਨੰਬਰ 0172-2782457 ’ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਰਾਮਦਰਬਾਰ ’ਚ ਸਵੇਰੇ ਪੰਜ ਵਜੇ ਕੀਤੀ ਗਈ ਇਹ ਕਾਰਵਾਈ ਇਹ ਵੀ ਦਰਸਾਉਂਦੀ ਹੈ ਕਿ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਜਾਂਚਾਂ ਸਿਰਫ਼ ਆਮ ਕੰਮਕਾਜੀ ਸਮੇਂ ਤੱਕ ਸੀਮਤ ਨਹੀਂ ਹਨ। ਆਉਣ ਵਾਲੇ ਤਿਉਹਾਰੀ ਦਿਨਾਂ ਵਿੱਚ ਅਚਾਨਕ ਜਾਂਚਾਂ ਰਾਹੀਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ’ਤੇ ਨਿਗਰਾਨੀ ਰੱਖਣ ਦਾ ਸਿਲਸਿਲਾ ਜਾਰੀ ਰਹੇਗਾ।