ਟੇਢਾ ਹੋਇਆ ਬਿਜਲੀ ਦਾ ਖੰਭਾ ਹਾਦਸਿਆਂ ਨੂੰ ਦੇ ਰਿਹਾ ਸੱਦਾ ਟੇਢਾ ਹੋਇਆ ਬਿਜਲੀ ਦਾ ਖੰਭਾ ਹਾਦਸਿਆਂ ਨੂੰ ਦੇ ਰਿਹਾ ਸੱਦਾ,,
Publish Date: Sat, 21 Nov 2026 06:25 PM (IST)
Updated Date: Sat, 21 Nov 2026 06:28 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਗੁਲਾਬਗੜ੍ਹ ਸੜਕ ਕਿਨਾਰੇ ਲੱਗਿਆ ਬਿਜਲੀ ਦਾ ਇਕ ਖੰਭਾ ਬੁਰੀ ਤਰ੍ਹਾਂ ਟੇਢਾ ਹੋ ਕੇ ਸੜਕ ਵੱਲ ਝੁਕ ਗਿਆ ਹੈ, ਜੋ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਹਾਈ ਵੋਲਟੇਜ ਤਾਰਾਂ ਦਾ ਭਾਰ ਝੱਲ ਰਿਹਾ ਇਹ ਖੰਭਾ ਕਿਸੇ ਵੇਲੇ ਵੀ ਡਿੱਗ ਸਕਦਾ ਹੈ, ਪਰ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸੜਕ ਤੋਂ ਰੋਜ਼ਾਨਾ ਵੱਡੀ ਗਿਣਤੀ ’ਚ ਭਾਰੀ ਵਾਹਨ, ਟਰੱਕ, ਸਕੂਲੀ ਬੱਸਾਂ ਤੇ ਦੁਪਹੀਆ ਵਾਹਨ ਲੰਘਦੇ ਹਨ। ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਇਹ ਖੰਭਾ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਥਾਂ ਤੋਂ ਹਿੱਲ ਕੇ ਸੜਕ ਵੱਲ ਝੁਕਿਆ ਹੋਇਆ ਹੈ। ਸੜਕ ਤੰਗ ਹੋਣ ਕਾਰਨ ਜਦੋਂ ਕੋਈ ਭਾਰੀ ਵਾਹਨ ਇੱਥੋਂ ਲੰਘਦਾ ਹੈ ਤਾਂ ਖੰਭੇ ਨਾਲ ਟਕਰਾਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਇਸ ਖੰਭੇ ਨੂੰ ਸਿੱਧਾ ਨਾ ਕੀਤਾ ਗਿਆ ਜਾਂ ਬਦਲਿਆ ਨਾ ਗਿਆ ਤਾਂ ਤੇਜ਼ ਹਨੇਰੀ ਜਾਂ ਕਿਸੇ ਵਾਹਨ ਦੀ ਫੇਟ ਲੱਗਣ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਕਈ ਵਾਰ ਵਿਭਾਗ ਦੇ ਧਿਆਨ ’ਚ ਲਿਆਂਦਾ ਜਾ ਚੁੱਕਾ ਹੈ, ਪਰ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਟੇਢੇ ਹੋਏ ਖੰਭੇ ਨੂੰ ਤੁਰੰਤ ਬਦਲ ਕੇ ਨਵਾਂ ਖੰਭਾ ਲਗਾਇਆ ਜਾਵੇ। ਮਾਮਲਾ ਧਿਆਨ ’ਚ ਆ ਗਿਆ ਹੈ, ਜਲਦ ਕਾਰਵਾਈ ਕਰਾਂਗੇ : ਐੱਸਡੀਓ ਇਸ ਸਬੰਧੀ ਸੰਪਰਕ ਕਰਨ ’ਤੇ ਪਾਵਰਕਾਮ ਡੇਰਾਬੱਸੀ ਦੇ ਐੱਸਡੀਓ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਬੰਧਤ ਜੇਈ ਦੀ ਡਿਊਟੀ ਲਗਾ ਕੇ ਮੌਕੇ ਦਾ ਜਾਇਜ਼ਾ ਲਿਆ ਜਾਵੇਗਾ ਤੇ ਜਲਦ ਹੀ ਇਸ ਖੰਭੇ ਨੂੰ ਠੀਕ ਕਰਵਾ ਦਿੱਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਹੋ ਸਕੇ।