ਕੁਝ ਘੰਟਿਆਂ ਦੀ ਬਾਰਿਸ਼ ਨੇ ਮੁਹਾਲੀ ਦੀ ਡਰੇਨੇਜ ਵਿਵਸਥਾ ਦੀ ਖੋਲ੍ਹੀ ਪੋਲ ਕੁਝ ਘੰਟਿਆਂ ਦੀ ਬਾਰਿਸ਼ ਨੇ ਮੁਹਾਲੀ ਦੀ ਡਰੇਨੇਜ ਵਿਵਸਥਾ ਦੀ ਖੋਲ੍ਹੀ ਪੋਲ,
Publish Date: Sun, 13 Sep 2026 09:05 PM (IST)
Updated Date: Mon, 14 Sep 2026 04:08 AM (IST)
- ਕਈ ਇਲਾਕਿਆਂ ’ਚ ਪਾਣੀ ਭਰਨ ਕਾਰਨ ਲੋਕ ਪਰੇਸ਼ਾਨ, ਧੱਸੀ ਸੜਕ ਕਾਰਨ ਫਸੀ ਗੱਡੀ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਐਤਵਾਰ ਨੂੰ ਕੁਝ ਘੰਟਿਆਂ ਦੀ ਬਾਰਿਸ਼ ਨੇ ਮੁਹਾਲੀ ਸ਼ਹਿਰ ਦੀ ਡਰੇਨੇਜ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਦੇ ਕਈ ਇਲਾਕਿਆਂ ਵਿਚ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫੇਜ਼-2, ਫੇਜ਼-4 ਅਤੇ ਫੇਜ਼-5 ਦੀਆਂ ਮਾਰਕੀਟਾਂ ਤੋਂ ਇਲਾਵਾ ਫੇਜ਼-11 ਵਿਚ ਵੀ ਪਾਣੀ ਭਰ ਗਿਆ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਰਾਹਗੀਰਾਂ ਨੂੰ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਣਾ ਪਿਆ। ਫੇਜ਼-10 ’ਚ ਕਾਰ ਧੱਸਣ ਵਾਲੀ ਸੜਕ ’ਤੇ ਬੈਰੀਕੇਡ : ਇਸੇ ਦੌਰਾਨ ਫੇਜ਼-10 ਸਥਿਤ ਮਾਨਵ ਮੰਗਲ ਸਕੂਲ ਦੇ ਪਿਛਲੇ ਪਾਸੇ ਵਾਲੀ ਸੜਕ ’ਤੇ ਬਰਸਾਤ ਦੌਰਾਨ ਕਾਰ ਧੱਸਣ ਦੀ ਘਟਨਾ ਤੋਂ ਬਾਅਦ ਨਗਰ ਨਿਗਮ ਵੱਲੋਂ ਸੁਰੱਖਿਆ ਦੇ ਕਦਮ ਚੁੱਕੇ ਗਏ ਹਨ। ਕਾਰ ਨੂੰ ਬਾਹਰ ਕੱਢਣ ਉਪਰੰਤ ਸੜਕ ਦੇ ਪ੍ਰਭਾਵਿਤ ਹਿੱਸੇ ’ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ, ਬਰਸਾਤ ਕਾਰਨ ਸੜਕ ਦਾ ਇਕ ਹਿੱਸਾ ਧੱਸ ਗਿਆ ਸੀ, ਜਿਸ ਵਿਚੋਂ ਲੰਘ ਰਹੀ ਕਾਰ ਫਸ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਹਾਂਡਾ ਵੱਲੋਂ ਮੌਕੇ ’ਤੇ ਪਹੁੰਚ ਕੇ ਗੱਡੀ ਨੂੰ ਬਾਹਰ ਕੱਢਵਾਉਣ ਲਈ ਮਦਦ ਕੀਤੀ ਗਈ। ਪੰਕਜ ਹਾਂਡਾ ਦੀ ਤਰਫੋਂ ਮਾਮਲਾ ਮੇਅਰ ਸਰਬਜੀਤ ਸਿੰਘ ਸਮਾਣਾ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਬੈਰੀਕੇਡ ਭੇਜੇ ਗਏ, ਜਿਨ੍ਹਾਂ ਨੂੰ ਸੜਕ ’ਤੇ ਲਗਾ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੈਰੀਕੇਡ ਲਗਾਉਣ ਨਾਲ ਵਾਹਨ ਚਾਲਕਾਂ ਨੂੰ ਸੜਕ ਦੇ ਖ਼ਤਰਨਾਕ ਹਿੱਸੇ ਬਾਰੇ ਸਾਵਧਾਨ ਕਰਨ ਵਿਚ ਮਦਦ ਮਿਲੇਗੀ। ਹਾਲਾਂਕਿ, ਸੜਕ ਦੀ ਪੱਕੀ ਮੁਰੰਮਤ ਕਰਵਾਉਣਾ ਵੀ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਮੁੜ ਨਾ ਵਾਪਰੇ। ਪਾਣੀ ਭਰਨ ਕਾਰਨ ਜਾਨੀ ਨੁਕਸਾਨ ਦਾ ਖ਼ਤਰਾ : ਪਿਛਲੇ ਦਿਨੀਂ ਨਯਾਗਾਓਂ ਵਿਚ ਬਰਸਾਤ ਤੋਂ ਬਾਅਦ ਸੜਕ ’ਤੇ ਖੜ੍ਹੇ ਪਾਣੀ ਵਿਚ ਬਿਜਲੀ ਦਾ ਕਰੰਟ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਸੀ ਕਿ ਬਿਜਲੀ ਦੀਆਂ ਕੁਝ ਤਾਰਾਂ ਨੰਗੀਆਂ ਹੋਣ ਕਾਰਨ ਪਾਣੀ ਵਿਚ ਕਰੰਟ ਆ ਗਿਆ ਸੀ। ਇਸ ਘਟਨਾ ਤੋਂ ਬਾਅਦ ਮੁਹਾਲੀ ’ਚ ਵੀ ਬਿਜਲੀ ਦੇ ਖੰਭਿਆਂ ਅਤੇ ਮੀਟਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਫੇਜ਼-2 ਦੇ ਇਲਾਕੇ ਵਿਚ ਬਰਸਾਤੀ ਪਾਣੀ ਦਾ ਪੱਧਰ ਬਿਜਲੀ ਦੇ ਖੰਭਿਆਂ ’ਤੇ ਲੱਗੇ ਮੀਟਰਾਂ ਦੇ ਨੇੜੇ ਤੱਕ ਪਹੁੰਚ ਗਿਆ। ਅਜਿਹੇ ਹਾਲਾਤਾਂ ਵਿਚ ਜੇਕਰ ਪਾਣੀ ਮੀਟਰਾਂ ਜਾਂ ਬਿਜਲੀ ਦੇ ਹੋਰ ਉਪਕਰਨਾਂ ਤੱਕ ਪਹੁੰਚ ਜਾਵੇ ਤਾਂ ਜਾਨੀ ਨੁਕਸਾਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਵੱਲੋਂ ਅਜਿਹੇ ਮੀਟਰਾਂ ਨੂੰ ਉੱਚੀ ਅਤੇ ਸੁਰੱਖਿਅਤ ਥਾਂ ’ਤੇ ਲਗਾਇਆ ਜਾਵੇ। ਡਰੇਨੇਜ ਵਿਵਸਥਾ ਨੂੰ ਲੈ ਕੇ ਉੱਠੇ ਸਵਾਲ : ਐਤਵਾਰ ਦੀ ਬਾਰਿਸ਼ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਨੇ ਡਰੇਨੇਜ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਵਿਚ ਅਜਿਹੇ ਹਾਲਾਤ ਪੈਦਾ ਹੁੰਦੇ ਹਨ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਬਰਸਾਤੀ ਪਾਣੀ ਵਾਲੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ ਅਤੇ ਬਿਜਲੀ ਦੇ ਮੀਟਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਗਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਕੁਝ ਘੰਟਿਆਂ ਦੀ ਬਾਰਿਸ਼ ਨਾਲ ਜੇਕਰ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਂਦਾ ਹੈ ਤਾਂ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।