- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਤ ਡਾਕੂਮੈਂਟਰੀ ਦਿਖਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਖਰੜ ਬਲਾਕ ਦੇ ਪਿੰਡ ਨੰਗਲ ਫੈਜ਼ਗੜ੍ਹ, ਗੱਬੇ ਮਾਜਰਾ ਅਤੇ ਰਸਨਹੇੜੀ ਵਿਖੇ ਐੱਲਈਡੀ ਸਕਰੀਨ ਰਾਹੀਂ ਦਿਖਾਈ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਡਾਕੂਮੈਂਟਰੀ ਦੇਖੀ। ਡਾਕੂਮੈਂਟਰੀ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜ ਨੂੰ ਦਿੱਤੇ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਦਰਸਾਇਆ ਗਿਆ। ਉਪ ਮੰਡਲ ਮੈਜਿਸਟ੍ਰੇਟ ਖਰੜ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਡਾਕੂਮੈਂਟਰੀ ਪਿੰਡ-ਪਿੰਡ ਦਿਖਾਉਣ ਦਾ ਉਦੇਸ਼ ਲੋਕਾਂ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਆਪਸੀ ਪਿਆਰ, ਬਰਾਬਰੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ।