- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨਰਜ਼ ਯੂਨੀਅਨ ਦਾ ਵਫ਼ਦ ਪੈਨਸ਼ਨ ਸੈਲ ਮੁੱਖੀ ਨੂੰ ਮਿਲਿਆ

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਇਕ ਵਫ਼ਦ ਜਥੇਬੰਦੀ ਦੇ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੰਚਾਇਤ ਸੰਮਤੀਆਂ/ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਦੇ ਛੇਵੇਂ ਪੇ ਕਮਿਸ਼ਨ ਦੇ ਬਕਾਇਆ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੈਨਸ਼ਨ ਸੈਲ ਮੁੱਖੀ ਸਹਾਇਕ ਡਾਇਰੈਕਟਰ ਹਰਮਨਬੀਰ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ। ਵਫ਼ਦ ਨੇ ਪੈਨਸ਼ਨ ਸੈਲ ਮੁੱਖੀ ਨੂੰ ਛੇਵੇਂ ਪੇ ਕਮਿਸ਼ਨ ਦੇ ਬਕਾਇਆ ਸਬੰਧੀ ਜਾਣਕਾਰੀ ਦੇਣ ਦੀ ਬੇਨਤੀ ਕੀਤੀ। ਇਸ ਉਪਰੰਤ ਪੈਨਸ਼ਨ ਸੈੱਲ ਮੁੱਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 2400 ਪੈਨਸ਼ਨਰਾਂ ਦਾ ਬਕਾਇਆ ਦੇਣਾ ਬਣਦਾ ਹੈ। ਜਨਵਰੀ 2016 ਤੋਂ ਜਨਵਰੀ 2021 ਤੱਕ ਸਾਰੇ ਹੀ ਪੈਨਸ਼ਨਰਾਂ ਦਾ ਬਕਾਇਆ ਦੇਣਾ ਰਹਿੰਦਾ ਹੈ। ਜੁਲਾਈ 2021 ਤੋਂ ਮਈ 2024 ਤੱਕ ਵਾਲੇ ਪੰਜਾਹ ਫ਼ੀਸਦੀ ਪੈਨਸ਼ਨਰਾਂ ਦਾ ਬਕਾਇਆ ਜਨਵਰੀ 2026 ਵਿਚ ਅਦਾ ਕੀਤਾ ਜਾ ਚੁੱਕਾ ਹੈ। ਇਸ ਅਰਸੇ ਦੀ ਪੈਨਸ਼ਨ ਦਾ ਬਕਾਇਆ ਪੰਜਾਹ ਫ਼ੀਸਦੀ ਪੈਨਸ਼ਨਰਾਂ ਨੂੰ ਦੇਣਾ ਬਾਕੀ ਰਹਿੰਦਾ ਹੈ। ਵਫ਼ਦ ਨੇ ਪੈਨਸ਼ਨ ਸੈਲ ਮੁੱਖੀ ਨੂੰ ਪੈਨਸ਼ਨਰਾਂ ਦੀਆਂ ਇਹ ਮੰਗਾਂ ਪੂਰੀਆਂ ਕਰਨ ਦੀ ਬੇਨਤੀ ਕੀਤੀ, ਜਿਸ ਉਪਰੰਤ ਪੈਨਸ਼ਨ ਸੈਲ ਮੁੱਖੀ ਨੇ ਵਫ਼ਦ ਨੂੰ ਦੱਸਿਆ ਕਿ ਜੁਲਾਈ 2021 ਤੋਂ ਮਈ 2024 ਤੱਕ ਦਾ ਬਕਾਇਆ ਪੰਜਾਹ ਫ਼ੀਸਦੀ ਪੈਨਸ਼ਨਰਾਂ ਨੂੰ ਦੇਣ ਉਪਰੰਤ ਜਨਵਰੀ 2016 ਤੋਂ ਜੂਨ 2021 ਤੱਕ ਦਾ ਬਕਾਇਆ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੈਨਸ਼ਨਰਾਂ ਨੂੰ ਦੇ ਦਿੱਤਾ ਜਾਵੇਗਾ। ਵਫ਼ਦ ਨੇ ਕਿਹਾ ਕਿ ਜੇਕਰ ਬਕਾਏ ਜਲਦ ਜਾਰੀ ਨਾ ਕੀਤੇ ਗਏ ਤਾਂ ਪੈਨਸ਼ਨਰ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ। ਅੱਜ ਦੇ ਇਸ ਵਫ਼ਦ ਵਿਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਗੀਰ ਸਿੰਘ ਢਿੱਲੋਂ, ਮਹਿੰਦਰ ਸਿੰਘ ਭੰਗੂ, ਜਗਤਾਰ ਸਿੰਘ, ਬਲਬੀਰ ਸਿੰਘ, ਰਾਜਿੰਦਰ ਸਿੰਘ ਬਾਗੜੀਆਂ ਤੇ ਰੀਤ ਵਜਿੰਦਰ ਸਿੰਘ ਆਦਿ ਹਾਜ਼ਰ ਸਨ।