ਕੇਂਦਰੀ ਰਸਾਇਣ ਮੰਤਰਾਲੇ ਨੂੰ ਮਿਲਣ ਦਿੱਲੀ ਜਾਵੇਗਾ ਨਾਈਪਰ ਪ੍ਰਸ਼ਾਸਨ ਦਾ ਪ੍ਰਤੀਨਿੱਧੀ ਮੰਡਲ ਕੇਂਦਰੀ ਰਸਾਇਣ ਮੰਤਰਾਲੇ ਨੂੰ ਮਿਲਣ ਦਿੱਲੀ ਜਾਵੇਗਾ ਨਾਈਪਰ ਪ੍ਰਸ਼ਾਸਨ ਦਾ ਪ੍ਰਤੀਨਿੱਧੀ ਮੰਡਲ
Publish Date: Thu, 22 Oct 2026 07:25 PM (IST)
Updated Date: Thu, 22 Oct 2026 07:27 PM (IST)
-ਨਾਈਪਰ ਦੇ ਮੁਲਾਜ਼ਮਾਂ ਦਾ ਅੰਦੋਲਨ 52ਵੇਂ ਦਿਨ ’ਚ ਦਾਖ਼ਲ, ਭੁੱਖ-ਹੜਤਾਲ ਜਾਰੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਮੁਹਾਲੀ ਕੈਂਪਸ ਵਿਖੇ ਨਾਨ-ਟੀਚਿੰਗ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੀ 5 ਅਕਤੂਬਰ ਤੋਂ ਭੁੱਖ-ਹੜਤਾਲ ’ਤੇ ਬੈਠੇ ਹਨ ਜਦੋਂਕਿ ਲੜੀਵਾਰ ਧਰਨਾ ਵੀਰਵਾਰ ਨੂੰ 52ਵੇਂ ਦਿਨ ’ਚ ਦਾਖ਼ਲ ਹੋ ਗਿਆ। ਧਰਨਾਕਾਰੀ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਲੜੀਵਾਰ ਧਰਨਾ ਅਤੇ ਭੁੱਖ-ਹੜਤਾਲ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ। ਉਧਰ, ਇਸ ਮਾਮਲੇ ਦੇ ਹੱਲ ਲਈ ਸੋਮਵਾਰ ਨੂੰ ਨਾਈਪਰ ਪ੍ਰਸ਼ਾਸਨ ਦਾ ਇਕ ਪ੍ਰਤੀਨਿਧੀ ਮੰਡਲ ਧਰਨਾਕਾਰੀ ਕਰਮਚਾਰੀਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਦਿੱਲੀ ਜਾਵੇਗਾ। ਇਸ ਮੀਟਿੰਗ ਤੋਂ ਨਾਨ-ਟੀਚਿੰਗ ਸਟਾਫ਼ ਨੂੰ ਮਸਲੇ ਦਾ ਹੱਲ ਹੋਣ ਸਬੰਧੀ ਵੱਡੀਆਂ ਉਮੀਦਾਂ ਹਨ ਕਿਉਂਕਿ ਜੇਕਰ ਸਰਕਾਰ ਵੱਲੋਂ ਕੋਈ ਸਕਾਰਾਤਮਿਕ ਫ਼ੈਸਲਾ ਲਿਆ ਜਾਂਦਾ ਹੈ, ਤਾਂ ਪਿਛਲੇ 52 ਦਿਨਾਂ ਤੋਂ ਚੱਲ ਰਿਹਾ ਇਹ ਸੰਘਰਸ਼ ਖ਼ਤਮ ਹੋ ਸਕਦਾ ਹੈ। ਹੜਤਾਲ ਦੌਰਾਨ ਰੋਜ਼ਾਨਾ ਪੰਜ ਮੁਲਾਜ਼ਮ ਭੁੱਖ-ਹੜਤਾਲ ਤੇ ਬੈਠਦੇ ਹਨ, ਜਦਕਿ ਬਾਕੀ ਸਮੁੱਚਾ ਸਟਾਫ਼ ਅੰਦੋਲਨ ਚਲਾ ਰਿਹਾ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਪਿਛਲੇ ਛੇ ਸਾਲਾਂ ਤੋਂ ਉਨ੍ਹਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਦੀ ਮੁੱਖ ਅਤੇ ਇਕਲੌਤੀ ਮੰਗ ਬੋਰਡ ਆਫ਼ ਗਵਰਨਰਜ਼ ਵੱਲੋਂ ਮਨਜ਼ੂਰਸ਼ੁਦਾ ਪ੍ਰੋਮੋਸ਼ਨਲ ਪ੍ਰਮੋਸ਼ਨ ਸਕੀਮ ਨੂੰ ਬਹਾਲ ਕਰਨਾ ਹੈ, ਜਿਸ ਨੂੰ ਸਾਲ 2020 ਤੋਂ ਮੁਲਤਵੀ ਰੱਖਿਆ ਗਿਆ ਹੈ। ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਮੈਨੇਜਮੈਂਟ ਵੱਲੋਂ ਕੋਈ ਵੀ ਸਕਾਰਾਤਮਿਕ ਹੁੰਗਾਰਾ ਜਾਂ ਹੱਲ ਕਰਨ ਲਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕਰਮਚਾਰੀਆਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ।