ਟੁੱਟਿਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪਾਵਰਕਾਮ ਖ਼ਤਰੇ ਤੋਂ ਬੇਖ਼ਬਰ ਟੁੱਟਿਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪਾਵਰਕਾਮ ਖ਼ਤਰੇ ਤੋਂ ਬੇਖ਼ਬਰ
Publish Date: Wed, 07 Oct 2026 07:42 PM (IST)
Updated Date: Wed, 07 Oct 2026 07:44 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਤੋਂ ਪੰਡਵਾਲਾ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਪ੍ਰਸਿੱਧ ਕ੍ਰਿਸ਼ਨਾ ਮੰਦਰ ਨੇੜੇ ਲੱਗਿਆ ਬਿਜਲੀ ਦਾ ਇਕ ਖੰਭਾ ਪਿਛਲੇ ਕੁਝ ਸਮੇਂ ਤੋਂ ਟੁੱਟਿਆ ਹੋਇਆ ਹੈ, ਜੋ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪ੍ਰਸ਼ਾਸਨ ਅਤੇ ਪਾਵਰਕਾਮ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਇਲਾਕਾ ਨਿਵਾਸੀਆਂ ਅਤੇ ਲੰਘਣ ਵਾਲੇ ਰਾਹਗੀਰਾਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਖੰਭਾ ਹੇਠਾਂ ਤੋਂ ਕਾਫ਼ੀ ਹੱਦ ਤੱਕ ਨੁਕਸਾਨਿਆ ਜਾ ਚੁੱਕਾ ਹੈ ਅਤੇ ਇਹ ਸਿਰਫ਼ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਹੀ ਟਿਕਿਆ ਹੋਇਆ ਹੈ। ਕ੍ਰਿਸ਼ਨਾ ਮੰਦਰ ਦੇ ਕੋਲੋਂ ਰੋਜ਼ਾਨਾ ਸੈਂਕੜੇ ਵਾਹਨ, ਸਕੂਲੀ ਬੱਚੇ ਅਤੇ ਸ਼ਰਧਾਲੂ ਲੰਘਦੇ ਹਨ। ਇਸ ਸੜਕ ਤੇ ਆਵਾਜਾਈ ਕਾਫ਼ੀ ਜ਼ਿਆਦਾ ਰਹਿੰਦੀ ਹੈ, ਜਿਸ ਕਾਰਨ ਤੇਜ਼ ਹਵਾ ਚੱਲਣ ਜਾਂ ਕਿਸੇ ਵਾਹਨ ਦੀ ਹਲਕੀ ਜਿਹੀ ਟੱਕਰ ਨਾਲ ਇਹ ਖੰਭਾ ਜ਼ਮੀਨਦੋਜ਼ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਲਾਕਾ ਨਿਵਾਸੀਆਂ ਅਨੁਸਾਰ ਇਸ ਸਬੰਧੀ ਪਾਵਰਕਾਮ ਦੇ ਸਥਾਨਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਾਰ-ਬਾਰ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਅਜੇ ਤੱਕ ਇਸ ਖੰਭੇ ਨੂੰ ਬਦਲਣ ਜਾਂ ਇਸ ਦੀ ਮੁਰੰਮਤ ਕਰਨ ਲਈ ਕੋਈ ਇਮਾਨਦਾਰਾਨਾ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ, ਉਸ ਤੋਂ ਬਾਅਦ ਹੀ ਕੁੰਭਕਰਨੀ ਨੀਂਦ ਤੋਂ ਜਾਗੇਗਾ। ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਨਤਕ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਖ਼ਤਰਨਾਕ ਹੋ ਚੁੱਕੇ ਬਿਜਲੀ ਦੇ ਖੰਭੇ ਨੂੰ ਤੁਰੰਤ ਬਦਲਿਆ ਜਾਵੇ ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।