ਦਿਨ-ਦਿਹਾੜੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਲਾਕੇ ’ਚ ਦਹਿਸ਼ਤ ਦਾ ਮਾਹੌਲ ਦਿਨ-ਦਿਹਾੜੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
Publish Date: Tue, 29 Sep 2026 07:04 PM (IST)
Updated Date: Tue, 29 Sep 2026 07:06 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਮੁੱਖ ਗੁਲਾਬਗੜ੍ਹ ਰੋਡ ’ਤੇ ਦਿਨ-ਦਿਹਾੜੇ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਧੜਿਆਂ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹਿੰਸਕ ਲੜਾਈ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਝੜਪ ਵਿਚ ਸ਼ਾਮਲ ਨੌਜਵਾਨ ਨੇੜਲੇ ਪਿੰਡ ਸੈਦਪੁਰਾ ਅਤੇ ਗੁਲਾਬਗੜ੍ਹ ਦੇ ਧੜਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਦੋਵਾਂ ਧਿਰਾਂ ਦੇ ਨੌਜਵਾਨ ਆਹਮੋ-ਸਾਹਮਣੇ ਹੋ ਗਏ ਅਤੇ ਉਨ੍ਹਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਹੱਥੋਪਾਈ ਤੇ ਲੜਾਈ ਸ਼ੁਰੂ ਹੋ ਗਈ। ਦਿਨ-ਦਿਹਾੜੇ ਭਰੀ ਮਾਰਕੀਟ ਅਤੇ ਆਵਾਜਾਈ ਵਾਲੀ ਸੜਕ ’ਤੇ ਹੋਈ ਇਸ ਗੁੰਡਾਗਰਦੀ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਅਤੇ ਲੰਘਣ ਵਾਲੇ ਰਾਹਗੀਰਾਂ ਵਿਚ ਭਾਜੜ ਮਚ ਗਈ। ਧਿਰਾਂ ਵਲੋਂ ਇਕ-ਦੂਜੇ ’ਤੇ ਹਮਲਾ ਕਰਨ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਗੁਲਾਬਗੜ੍ਹ ਰੋਡ ’ਤੇ ਅਕਸਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਆਮ ਲੋਕਾਂ ਦਾ ਜੀਉਣਾ ਦੁਸ਼ਵਾਰ ਹੋ ਚੁੱਕਾ ਹੈ। ਦਿਨ-ਦਿਹਾੜੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਇਹ ਸ਼ਰਾਰਤੀ ਅਨਸਰ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ। ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ। ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਹਰਕਤ ਵਿਚ ਆਵੇ ਅਤੇ ਲੜਾਈ ’ਚ ਸ਼ਾਮਲ ਦੋਵਾਂ ਧਿਰਾਂ ਦੇ ਨੌਜਵਾਨਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਅਨਸਰਾਂ ਤੇ ਸਮੇਂ ਸਿਰ ਨੱਥ ਨਾ ਪਾਈ ਗਈ ਤਾਂ ਭਵਿੱਖ ਵਿਚ ਕੋਈ ਵੱਡੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਇਲਾਕਾ ਵਾਸੀਆਂ ਨੇ ਗੁਲਾਬਗੜ੍ਹ ਰੋਡ ਅਤੇ ਆਸ-ਪਾਸ ਦੇ ਖੇਤਰਾਂ ਵਿਚ ਪੁਲਿਸ ਗਸ਼ਤ ਵਧਾਉਣ ਦੀ ਵੀ ਪੁਰਜ਼ੋਰ ਮੰਗ ਕੀਤੀ ਹੈ ਤਾਂ ਜੋ ਆਮ ਲੋਕ ਸੁੱਖ ਦਾ ਸਾਹ ਲੈ ਸਕਣ।