ਮੁਹਾਲੀ ’ਚ ਚੰਡੀਗੜ੍ਹ ਦੇ ਸੈਕਟਰ-17 ਦੀ ਤਰਜ਼ ’ਤੇ ਬਣੇਗਾ ਵੱਡਾ ਵਪਾਰਕ ਕੇਂਦਰ ਮੁਹਾਲੀ 'ਚ ਚੰਡੀਗੜ੍ਹ ਦੇ ਸੈਕਟਰ-17 ਦੀ ਤਰਜ਼ 'ਤੇ ਬਣੇਗਾ ਵੱਡਾ ਵਪਾਰਕ ਕੇਂਦਰ
Publish Date: Wed, 21 Oct 2026 06:40 PM (IST)
Updated Date: Wed, 21 Oct 2026 06:42 PM (IST)
23 ਅਕਤੂਬਰ ਨੂੰ ਸੁਣਾਇਆ ਜਾਵੇਗਾ ਚਾਰ ਪਿੰਡਾਂ ਦੀ 200 ਏਕੜ ਜ਼ਮੀਨ ਦਾ ਐਵਾਰਡ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਦੇ ਸੈਕਟਰ-17 ਦੀ ਤਰਜ਼ ’ਤੇ ਮੁਹਾਲੀ ਵਿਚ ਇਕ ਵੱਡੇ ਕਮਰਸ਼ੀਅਲ ਕੇਂਦਰ (ਵਪਾਰਕ ਕੇਂਦਰ) ਦੇ ਵਿਕਾਸ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਸਬੰਧੀ ਗਮਾਡਾ ਰਾਹੀਂ ਮੁਹਾਲੀ ਦੀ ਜੂਹ ’ਚ ਸੈਕਟਰ-87 ਵਿਚ ਵਪਾਰਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ। ਇਸ ਮੰਤਵ ਲਈ ਮੁਹਾਲੀ ਨੇੜਲੇ ਚਾਰ ਪਿੰਡਾਂ ਦੀ ਲਗਭਗ 196.44 ਏਕੜ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਹੁਣ ਆਖਰੀ ਗੇੜ ’ਚ ਪਹੁੰਚ ਗਈ ਹੈ। ਇਸ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਵੀ ਹੋਵੇਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਸੈਕਟਰ-87 ’ਚ ਪ੍ਰਸਤਾਵਿਤ ਇਹ ਵਪਾਰਕ ਬੁਨਿਆਦੀ ਢਾਂਚਾ ਮੁਹਾਲੀ ਦੇ ਵਿਸਥਾਰ ਅਤੇ ਆਰਥਿਕ ਪ੍ਰਗਤੀ ਲਈ ਬਹੁਤ ਅਹਿਮ ਮੰਨਿਆ ਜਾ ਰਹਾ ਹੈ। ਇਸ ਸਬੰਧੀ ਗਮਾਡਾ ਵੱਲੋਂ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ 23 ਅਕਤੂਬਰ ਨੂੰ ਐਵਾਰਡ ਸੁਣਾਇਆ ਜਾਵੇਗਾ। ਗਮਾਡਾ ਦੇ ਭੌਂ ਪ੍ਰਾਪਤੀ ਕਲੈਕਟਰ (ਐੱਲਏਸੀ) ਰੋਹਿਤ ਜਿੰਦਲ ਦੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ‘ਪੁੱਡਾ ਭਵਨ’ ਸਥਿਤ ਕਮੇਟੀ ਹਾਲ ਦੀ ਦੂਜੀ ਮੰਜ਼ਿਲ ’ਤੇ ਸਬੰਧਤ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਦੀ ਮੌਜੂਦਗੀ ’ਚ ਐਵਾਰਡ ਸੁਣਾਇਆ ਜਾਵੇਗਾ। ਗਮਾਡਾ ਨੇ ਸਬੰਧਤ ਜ਼ਮੀਨ ਮਾਲਕਾਂ ਅਤੇ ਆਮ ਜਨਤਾ ਨੂੰ ਇਸ ਪ੍ਰਕਿਰਿਆ ਦੌਰਾਨ ਮੌਜੂਦ ਰਹਿਣ ਲਈ ਸੂਚਿਤ ਕੀਤਾ ਹੈ। ਦੱਸ ਦਈਏ ਪਹਿਲਾਂ ਇਹ ਐਵਾਰਡ ਬੀਤੀ 25 ਸਤੰਬਰ ਨੂੰ ਸੁਣਾਇਆ ਜਾਣਾ ਸੀ, ਪਰ ਪ੍ਰਸ਼ਾਸਨਿਕ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਮੁਹਾਲੀ ਦੇ ਸੈਕਟਰ-87 ਵਿਚ ਕਮਰਸ਼ੀਅਲ ਹੱਬ ਸਥਾਪਿਤ ਕਰਨ ਲਈ ਜਿਨ੍ਹਾਂ ਚਾਰ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਨ੍ਹਾਂ ’ਚ ਪਿੰਡ ਮਾਣਕ ਮਾਜਰਾ ਦੀ 19.6625 ਏਕੜ, ਪਿੰਡ ਨਾਨੂੰ ਮਾਜਰਾ ਦੀ 111.4625 ਏਕੜ, ਪਿੰਡ ਸੋਹਾਣਾ ਦੀ 65.1188 ਏਕੜ ਅਤੇ ਪਿੰਡ ਸੰਭਾਲਕੀ ਦੀ 0.2000 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਵੱਡੇ ਵਪਾਰਕ ਕੇਂਦਰ ਤੋਂ ਬਿਹਤਰ ਆਰਥਿਕ ਵਿਕਾਸ ਦੀ ਉਮੀਦ ਚੰਡੀਗੜ੍ਹ ਦੇ ਸੈਕਟਰ-17 ਦੀ ਤਰ੍ਹਾਂ ਇਕ ਸੁਚੱਜੇ ਅਤੇ ਯੋਜਨਾਬੱਧ ਵਪਾਰਕ ਖੇਤਰ ਦੇ ਵਿਕਸਿਤ ਹੋਣ ਨਾਲ ਭਵਿੱਖ ’ਚ ਇੱਥੇ ਨਵੇਂ ਦਫ਼ਤਰ, ਵਪਾਰਕ ਅਦਾਰੇ ਅਤੇ ਹੋਰ ਆਰਥਿਕ ਗਤੀਵਿਧੀਆਂ ਵਧਣਗੀਆਂ। ਇਸ ਨਾਲ ਨਾ ਸਿਰਫ਼ ਮੁਹਾਲੀ ਸ਼ਹਿਰ ਦੇ ਵਿਕਾਸ ’ਚ ਤੇਜ਼ੀ ਆਵੇਗੀ, ਸਗੋਂ ਆਸ-ਪਾਸ ਦੇ ਪਿੰਡਾਂ ਅਤੇ ਵਿਕਸਿਤ ਹੋ ਰਹੇ ਨਵੇਂ ਖੇਤਰਾਂ ’ਚ ਵੀ ਰੁਜ਼ਗਾਰ ਅਤੇ ਵਪਾਰ ਦੇ ਨਵੇਂ ਅਵਸਰ ਪੈਦਾ ਹੋਣਗੇ।