20 ਏਕੜ ’ਚ ਫੈਲੀ ਮਲ-ਮੂਤਰ ਮਿਲੇ ਗੰਦੇ ਪਾਣੀ ਦੀ ਝੀਲ, ਲੋਕ ਨਰਕ ਭੋਗਣ ਲਈ ਮਜਬੂਰ 20 ਏਕੜ ’ਚ ਫੈਲੀ ਮਲ-ਮੂਤਰ ਮਿਲੇ ਗੰਦੇ ਪਾਣੀ ਦੀ ਝੀਲ
Publish Date: Wed, 09 Sep 2026 09:24 PM (IST)
Updated Date: Wed, 09 Sep 2026 09:25 PM (IST)
ਖਰੜ ਨੂੰ ‘ਪੈਰਿਸ’ ਬਣਾਉਣ ਦਾ ‘ਆਪ’ ਦਾ ਵਾਅਦਾ’ ਗੰਦੇ ਪਾਣੀ ਦੀ ਝੀਲ ’ਚ ਬਦਲਿਆਾ : ਜੋਸ਼ੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਖਰੜ ਵਿਚ ਲਗਭਗ 20 ਏਕੜ ਤੋਂ ਵੱਧ ਖੇਤਰ ’ਚ ਫੈਲੀ ਪੰਜਾਬ ਦੀ ਸਭ ਤੋਂ ਵੱਡੀ ਸੀਵਰੇਜ/ਮਲ-ਮੂਤਰ ਮਿਲੇ ਗੰਦੇ ਪਾਣੀ ਦੀ ਝੀਲ ਨੇ ਸਵਰਾਜ ਐਨਕਲੇਵ, ਦ੍ਰਿਸ਼ਟੀ ਹੋਮਜ਼ ਅਤੇ ਸੰਤੇ ਮਾਜਰਾ ਕਲੋਨੀ ਦੇ ਹਜ਼ਾਰਾਂ ਵਸਨੀਕਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ। ਸੀਵਰੇਜ, ਬਦਬੂ, ਮੱਛਰਾਂ ਅਤੇ ਪਾਣੀ ਦੇ ਖੜ੍ਹੇ ਰਹਿਣ ਦੀ ਸਮੱਸਿਆ ਇੱਥੇ ਸਾਲਾਂ ਤੋਂ ਰਹਿ ਰਹੇ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਭਾਜਪਾ ਪੰਜਾਬ ਦੇ ਸੂਬਾ ਮੀਡੀਆ ਮੁਖੀ ਅਤੇ ਖਰੜ ਵਿਧਾਨ ਸਭਾ ਹਲਕੇ ਦੇ ਮੁੱਖ ਸੇਵਾਦਾਰ ਵਿਨੀਤ ਜੋਸ਼ੀ ਨੇ ਲੋਕਾਂ ਦੀ ਸ਼ਿਕਾਇਤ ’ਤੇ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਖਰੜ ਨੂੰ ਪੈਰਿਸ ਦੀ ਤਰਜ਼ ’ਤੇ ਵਿਕਸਤ ਕਰਨ ਦਾ ਵਾਅਦਾ ਕੀਤਾ ਸੀ, ਪਰ ਖਰੜ ਨੂੰ 20 ਏਕੜ ਤੋਂ ਵੱਧ ਖੇਤਰ ’ਚ ਫੈਲੀ ਪੰਜਾਬ ਦੀ ਸਭ ਤੋਂ ਵੱਡੀ ਮਲ-ਮੂਤਰ ਮਿਲੇ ਗੰਦੇ ਪਾਣੀ ਦੀ ਝੀਲ ਦਾ ਤੋਹਫ਼ਾ ਮਿਲਿਆ ਹੈ। ਸਥਾਨਕ ਲੋਕਾਂ ਨੇ ਭਾਜਪਾ ਆਗੂ ਨੂੰ ਕਰੀਬ ਅੱਧੇ ਘੰਟੇ ਤੱਕ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਵਾਇਆ ਅਤੇ ਗੰਦੇ ਪਾਣੀ ਦੀ ਝੀਲ, ਪਾਣੀ ਨਾਲ ਭਰੀਆਂ ਗਲੀਆਂ, ਟੁੱਟੇ ਅਤੇ ਖੁੱਲ੍ਹੇ ਮੈਨਹੋਲ ਅਤੇ ਹੋਰ ਨਾਗਰਿਕ ਸਮੱਸਿਆਵਾਂ ਦਿਖਾਈਆਂ। ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਮੱਸਿਆ ਕਾਰਨ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰਾਂ ’ਤੇ 30 ਤੋਂ 40 ਲੱਖ ਜਾਂ ਇਸ ਤੋਂ ਵੱਧ ਪੈਸੇ ਖਰਚ ਕੀਤੇ ਹਨ, ਜਦਕਿ ਸੇਵਾਮੁਕਤ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੀ ਬਚਤ, ਭਵਿੱਖ ਨਿਧੀ ਅਤੇ ਸੇਵਾਮੁਕਤੀ ਲਾਭ ਤੱਕ ਘਰ ਬਣਾਉਣ ’ਤੇ ਲਗਾ ਦਿੱਤਾ ਪ੍ਰੰਤੂ ਬੁਨਿਆਦੀ ਸਹੂਲਤਾਂ ਦੀ ਥਾਂ ਉਹ ਨਰਕ ਭੋਗਣ ਲਈ ਮਜਬੂਰ ਹਨ। ਬੱਚੇ ਬਾਹਰ ਖੇਡ ਨਹੀਂ ਸਕਦੇ ਅਤੇ ਪਰਿਵਾਰਾਂ ਲਈ ਮਹਿਮਾਨਾਂ ਦਾ ਘਰ ਆਉਣਾ ਵੀ ਮੁਸ਼ਕਲ ਹੋ ਗਿਆ ਹੈ। ਵਿਨੀਤ ਜੋਸ਼ੀ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਦੀ ਜ਼ਿੰਮੇਵਾਰੀ ਖਰੜ ਨਗਰ ਕੌਂਸਲ, ਮੁਹਾਲੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਥਿਤੀ ਦਾ ਜਾਇਜ਼ਾ ਲੈਣ ਅਤੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਦੂਰ ਹੋਣ ਤੋਂ ਬਾਅਦ ਇਸ ਸਥਾਨ ਨੂੰ ਵੱਡੇ ਅਤੇ ਸਾਫ਼-ਸੁਥਰੇ ਜਨਤਕ ਪਾਰਕ ਅਤੇ ਖੇਡ ਮੈਦਾਨ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਸਾਫ਼, ਸੁਰੱਖਿਅਤ ਅਤੇ ਸਨਮਾਨਜਨਕ ਸਹੂਲਤਾਂ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।