ਇਕੋ ਰਾਤ ਦੋ ਟਰਾਲਿਆਂ ਦੇ 8 ਟਾਇਰ ਚੋਰੀ, ਪੁਲਿਸ ਵੱਲੋਂ ਭਾਲ ਜਾਰੀ ਇਕੋ ਰਾਤ ਦੋ ਟਰਾਲਿਆਂ ਦੇ 8 ਟਾਇਰ ਚੋਰੀ, ਪੁਲਿਸ ਵੱਲੋਂ ਭਾਲ ਜਾਰੀ
Publish Date: Sun, 13 Sep 2026 08:04 PM (IST)
Updated Date: Sun, 13 Sep 2026 08:08 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਰਾਣੀ ਮਾਜਰਾ ਅਤੇ ਜੌਲਾ ਖੁਰਦ ਵਿਖੇ ਅਣਪਛਾਤੇ ਚੋਰਾਂ ਵੱਲੋਂ ਇਕੋ ਰਾਤ ਦੋ ਟਰਾਲਿਆਂ ਦੇ 8 ਟਾਇਰ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਵਾਰਦਾਤਾਂ ’ਚ ਇਕ ਮਹਿੰਦਰਾ ਗੱਡੀ ’ਚ ਸਵਾਰ ਦੋ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਟਰਾਲਾ ਮਾਲਕਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰਦਿਆਂ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਥਾਣਾ ਹੰਡੇਸਰਾ ਦੇ ਏਐੱਸਆਈ ਧਰਮਿੰਦਰ ਸਿੰਘ ਅਨੁਸਾਰ ਪਿੰਡ ਰਾਣੀ ਮਾਜਰਾ ਦੇ ਵਸਨੀਕ ਪ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਟਰਾਲਾ ਬੜਾਣਾ ਰੋਡ ’ਤੇ ਖੜ੍ਹਾ ਕੀਤਾ ਹੋਇਆ ਸੀ। ਸਵੇਰੇ ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਟਰਾਲੇ ਦੇ ਚਾਰ ਟਾਇਰ ਗਾਇਬ ਸਨ। ਉਸ ਵੱਲੋਂ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸੇ ਤਰ੍ਹਾਂ ਦੂਜੀ ਵਾਰਦਾਤ ਪਿੰਡ ਜੌਲਾ ਖੁਰਦ ਵਿਖੇ ਵਾਪਰੀ। ਪਿੰਡ ਵਾਸੀ ਹਰਦੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਟਰਾਲਾ ਕੰਮ ਕਰਵਾਉਣ ਲਈ ਪਿੰਡ ਦੇ ਬਾਹਰ ਹੰਡੇਸਰਾ ਰੋਡ ’ਤੇ ਸਥਿਤ ਵੈਲਡਿੰਗ ਦੀ ਦੁਕਾਨ ’ਤੇ ਖੜ੍ਹਾ ਕੀਤਾ ਹੋਇਆ ਸੀ। ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਟਰਾਲੇ ਦੇ ਚਾਰ ਟਾਇਰ ਚੋਰੀ ਕਰ ਲਏ। ਪੁਲਿਸ ਅਨੁਸਾਰ ਦੋਵੇਂ ਵਾਰਦਾਤਾਂ ਸਬੰਧੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫੁਟੇਜ ਵਿਚ ਇਕ ਮਹਿੰਦਰਾ ਗੱਡੀ ਅਤੇ ਉਸ ਵਿਚ ਸਵਾਰ ਦੋ ਵਿਅਕਤੀ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ।