ਚੈੱਕ ਬਾਊਂਸ ਮਾਮਲੇ ’ਚ ਦੋ ਵਿਅਕਤੀਆਂ ਨੂੰ 6-6 ਮਹੀਨਿਆਂ ਦੀ ਕੈਦ ਤੇ ਜੁਰਮਾਨਾ
2 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ 6-6 ਮਹੀਨੇ ਕੈਦ ਅਤੇ 3.50 ਲੱਖ ਮੁਆਵਜ਼ਾ ਭਰਨ ਦੇ ਹੁਕਮ
Publish Date: Wed, 18 Feb 2026 07:19 PM (IST)
Updated Date: Wed, 18 Feb 2026 07:21 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਅਦਾਲਤ ਵੱਲੋਂ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਸੂਰਵਾਰ ਠਹਿਰਾਉਂਦਿਆਂ 6-6 ਮਹੀਨੇ ਦੀ ਕੈਦ ਅਤੇ ਸਾਂਝੇ ਤੌਰ ’ਤੇ 3 ਲੱਖ 50 ਹਜ਼ਾਰ ਰੁਪਏ ਦਾ ਮੁਆਵਜ਼ਾ ਪਟੀਸ਼ਨਕਰਤਾ ਨੂੰ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫ਼ੈਸਲਾ ਜੇਐੱਮਆਈਸੀ ਅਭੈ ਰਾਜਨ ਸ਼ੁਕਲਾ ਵੱਲੋਂ ਸੁਣਾਇਆ ਗਿਆ ਹੈ। ਇਹ ਮਾਮਲਾ ਮੁਹਾਲੀ ਦੇ ਸੈਕਟਰ 78 ਦੇ ਰਹਿਣ ਵਾਲੇ ਸ਼ਿਕਾਇਤਕਰਤਾ ਅਮਰਜੀਤ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ਵਿਚ ਸੁਖਚੈਨ ਸਿੰਘ ਅਤੇ ਹੁਸ਼ਿਆਰ ਸਿੰਘ ਨੂੰ ਜਵਾਬਦੇਹ ਧਿਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਅਦਾਲਤੀ ਰਿਕਾਰਡ ਅਨੁਸਾਰ ਫਰਵਰੀ 2020 ਵਿਚ ਉਕਤ ਦੋਨੋਂ ਵਿਅਕਤੀ ਕਿਸੇ ਕੰਮ ਸਬੰਧੀ ਗਮਾਡਾ ਦਫ਼ਤਰ ਵਿਖੇ ਗਏ ਸਨ, ਓਥੇ ਅਚਾਨਕ ਇਨ੍ਹਾਂ ਦੀ ਮੁਲਾਕਾਤ ਅਮਰਜੀਤ ਸਿੰਘ ਨਾਲ ਹੋਈ। ਗੱਲਬਾਤ ਦੌਰਾਨ ਸੁਖਚੈਨ ਸਿੰਘ ਅਤੇ ਹੁਸ਼ਿਆਰ ਸਿੰਘ ਨੇ 2 ਲੱਖ ਰੁਪਏ ਤੁਰੰਤ ਲੋੜ ਦੱਸ ਕੇ ਸ਼ਿਕਾਇਤਕਰਤਾ ਤੋਂ ਕਰਜ਼ੇ ਵਜੋਂ ਰਕਮ ਲੈਅ ਲਈ। ਦੋਨਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਰਕਮ ਵਾਪਸ ਨਾ ਕੀਤੀ ਗਈ ਅਤੇ ਬਕਾਇਆ 1,94,500 ਰੁਪਏ ਦੀ ਅਦਾਇਗੀ ਲਈ ਜਾਰੀ ਕੀਤਾ ਗਿਆ ਚੈੱਕ ਬੈਂਕ ਵੱਲੋਂ “ਫੰਡ ਇਨਸਫ਼ੀਸ਼ੈਂਟ” ਹੋਣ ਕਾਰਨ ਬਾਊਂਸ ਹੋ ਗਿਆ। ਕਾਨੂੰਨੀ ਨੋਟਿਸ ਭੇਜੇ ਜਾਣ ਦੇ ਬਾਵਜੂਦ ਭੁਗਤਾਨ ਨਾ ਹੋਣ ’ਤੇ ਫਿਰ ਬਿਨੈਕਾਰ ਵੱਲੋਂ ਅਦਾਲਤ ਦਾ ਦਰਵਾਜ਼ਾ ਦਸੰਬਰ 2020 ਵਿਚ ਖੜਕਾਇਆ ਗਿਆ। ਕਈ ਸਾਲਾ ਤੱਕ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਦਲੀਲਾਂ ਅਤੇ ਸਬੂਤਾਂ ਦਾ ਜਾਇਜ਼ਾ ਲੈਂਦਿਆਂ ਪਾਇਆ ਕਿ ਮੁਲਜ਼ਮਾਂ ਨੇ ਚੈੱਕ ’ਤੇ ਆਪਣੇ ਦਸਤਖ਼ਤ ਤੋਂ ਇਨਕਾਰ ਨਹੀਂ ਕੀਤਾ। ਅਦਾਲਤ ਨੇ ਨਿਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 139 ਤਹਿਤ ਉੱਠਦੇ ਕਾਨੂੰਨੀ ਅਨੁਮਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਸ਼ੀ ਇਸ ਅਨੁਮਾਨ ਨੂੰ ਖੰਡਿਤ ਕਰਨ ਵਿਚ ਅਸਫਲ ਰਹੇ ਹਨ। ਫ਼ੈਸਲੇ ਵਿਚ ਇਨ੍ਹਾਂ ਵਿਅਕਤੀਆਂ ਨੂੰ ਧਾਰਾ 138 ਅਧੀਨ 6-6 ਮਹੀਨੇ ਦੀ ਸਧਾਰਣ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ ਮਹੀਨੇ ਦੇ ਅੰਦਰ 3,50,000 ਰੁਪਏ ਸਾਂਝੇ ਤੌਰ ’ਤੇ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਸਪਸ਼ਟ ਕੀਤਾ ਕਿ ਅਦਾਇਗੀ ਨਾ ਹੋਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਅਜਿਹੇ ਗ਼ੈਰ-ਵਾਜਬ ਕੰਮਾਂ ਲਈ ਨਰਮ ਰਵੱਈਆ ਅਪਣਾਉਣਾ ਸਾਡੇ ਸਮਾਜ ਵਿਚ ਅਰਾਜਕਤਾ ਨੂੰ ਹੋਰ ਉਤਸ਼ਾਹਤ ਕਰੇਗਾ। ਇਸ ਲਈ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ।