ਡਰਾਈਵਰ ਅਤੇ ਕੰਡਕਟਰ 'ਤੇ ਹਮਲੇ ਦੇ ਮਾਮਲੇ ’ਚ ਅਣਪਛਾਤਿਆਂ ਸਮੇਤ 6 ਨਾਮਜ਼ਦ ਡਰਾਈਵਰ ਅਤੇ ਕੰਡਕਟਰ 'ਤੇ ਹਮਲੇ ਦੇ ਮਾਮਲੇ ’ਚ ਅਣਪਛਾਤਿਆਂ ਸਮੇਤ 6 ਨਾਮਜ਼ਦ
Publish Date: Tue, 27 Oct 2026 06:34 PM (IST)
Updated Date: Tue, 27 Oct 2026 06:37 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਫਲਾਈਓਵਰ ਨੇੜੇ ਗੁੰਡਾ ਟੈਕਸ ਮੰਗਣ ਅਤੇ ਸਵਾਰੀਆਂ ਚੁੱਕਣ ਦੇ ਵਿਰੋਧ ਚ ਇਕ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਕੰਡਕਟਰ ’ਤੇ ਡੰਡਿਆਂ, ਲੋਹੇ ਦੀਆਂ ਰਾਡਾਂ ਅਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਛੇ ਨਾਮਜ਼ਦ ਅਤੇ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਡੇਰਾਬੱਸੀ ਰਾਜੇਸ਼ ਹਸਤੀਰ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਏਐੱਸਆਈ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਸਨ। ਪੁਲਿਸ ਨੂੰ ਦੇਖ ਕੇ ਹਮਲਾਵਰ ਆਪਣੀ ਬੱਸ ’ਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੱਸ ਦੇ ਕੰਡਕਟਰ ਨਿਖਿਲ ਵਾਸੀ ਪਿੰਡ ਖਿਜ਼ਰਗੜ੍ਹ (ਜ਼ੀਰਕਪੁਰ) ਅਨੁਸਾਰ 25 ਅਕਤੂਬਰ ਦੀ ਰਾਤ ਉਹ ਅਤੇ ਡਰਾਈਵਰ ਅਨਸ ਬੱਸ ’ਚ ਖਰੜ ਤੋਂ ਸਵਾਰੀਆਂ ਲੈ ਕੇ ਰਾਮਪੁਰ ਬਰੇਲੀ (ਯੂਪੀ) ਲਈ ਜਾ ਰਹੇ ਸਨ। ਜਦੋਂ ਉਹ ਡੇਰਾਬੱਸੀ ਫਲਾਈਓਵਰ ਹੇਠਾਂ ਗਿੰਨੀ ਟੈਂਟ ਹਾਊਸ ਨੇੜੇ ਸਵਾਰੀਆਂ ਬਿਠਾਉਣ ਲਈ ਰੁਕੇ, ਤਾਂ ਉੱਥੇ ਪਹਿਲਾਂ ਤੋਂ ਖੜ੍ਹੀ ਪ੍ਰਾਈਵੇਟ ਬੱਸ ’ਚੋਂ ਤਾਰੀਕ ਨੇਤਾ, ਯੂਸਫ਼, ਉਜੇਰ, ਕਾਦਿਰ, ਵਾਹਿਦ ਅਤੇ ਹੋਰ ਹੇਠਾਂ ਉਤਰ, ਜਿਨ੍ਹਾਂ ਨੇ ਸਵਾਰੀਆਂ ਬਿਠਾਉਣ ਦੇ ਬਦਲੇ ਗੁੰਡਾ ਟੈਕਸ ਦੀ ਮੰਗ ਕੀਤੀ। ਜਦੋਂ ਨਿਖਿਲ ਅਤੇ ਅਨਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਤਲਵਾਰਾਂ, ਰਾਡਾਂ ਅਤੇ ਡੰਡਿਆਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਬੱਸ ਦੀ ਭੰਨ-ਤੋੜ ਕੀਤੀ। ਇਸ ਦੇ ਨਾਲ ਹੀ ਸਵਾਰੀਆਂ ਨਾਲ ਬਦਸਲੂਕੀ ਵੀ ਕੀਤੀ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਡੇਰਾਬੱਸੀ ਪੁਲਿਸ ਨੇ ਧਾਰਾ 118(1), 118(2), 115(2), 126(2), 308(1), 351(2), 324(5), 191(3) ਅਤੇ 190 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।