ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 57 ਕੈਡਿਟਾਂ ਨੇ ਇਤਿਹਾਸ ਰਚਿਆ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 57 ਕੈਡਿਟਾਂ ਨੇ ਇਤਿਹਾਸ ਰਚਿਆ, ਐੱਨਡੀਏ-2 ਲਿਖਤੀ ਪ੍ਰੀਖਿਆ ਪਾਸ
Publish Date: Sat, 10 Oct 2026 07:24 PM (IST)
Updated Date: Sat, 10 Oct 2026 07:26 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਸੈਕਟਰ-77 (ਮੁਹਾਲੀ) ਦੇ ਕੈਡਿਟਾਂ ਨੇ ਐਨਡੀਏ-2 ਲਿਖਤੀ ਪ੍ਰੀਖਿਆ ਪਾਸ ਕਰਕੇ 87.7 ਫ਼ੀਸਦ ਰਿਕਾਰਡਤੋੜ ਸਫ਼ਲਤਾ ਦਰਜ ਕਰਕੇ ਇਤਿਹਾਸ ਰਚਿਆ ਹੈ। ਇਸ ਸੰਸਥਾ ਦੇ 65 ਕੈਡਿਟਾਂ ’ਚੋਂ 57 ਕੈਡਿਟ ਇਹ ਲਿਖਤੀ ਪ੍ਰੀਖਿਆ ਪਾਸ ਕਰਕੇ ਜੂਨ 2027 ’ਚ ਸ਼ੁਰੂ ਹੋਣ ਵਾਲੇ ਵੱਕਾਰੀ ਐਨਡੀਏ-158 ਕੋਰਸ ਲਈ ਕੁਆਲੀਫਾਈ ਕਰ ਗਏ ਹਨ। ਰੈਗੂਲਰ ਕੈਡਿਟਾਂ ਤੋਂ ਇਲਾਵਾ ਇੰਸਟੀਚਿਊਟ ’ਚ ਦੋ ਮਹੀਨੇ ਦੇ ਕਰੈਸ਼ ਕੋਰਸ ’ਚ ਸ਼ਾਮਲ ਹੋਣ ਵਾਲੇ 30 ’ਚੋਂ ਸੱਤ ਉਮੀਦਵਾਰਾਂ ਨੇ ਵੀ ਇਹ ਵੱਕਾਰੀ ਪ੍ਰੀਖਿਆ ਨੂੰ ਪਾਸ ਕੀਤੀ ਹੈ। ਸਫ਼ਲ ਕੈਡਿਟ ਹੁਣ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਦਾਖ਼ਲੇ ਲਈ ਬੇਹੱਦ ਅਹਿਮ ਪੜਾਅ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਇੰਟਰਵਿਊ ’ਚ ਹਿੱਸਾ ਲੈਣਗੇ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਹੋਣਹਾਰ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ, “ਇਹ ਨੌਜਵਾਨ ਪੰਜਾਬ ਦਾ ਮਾਣ ਹਨ। ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਆਗਾਮੀ ਐੱਸਐੱਸਬੀ ਇੰਟਰਵਿਊ ਅਤੇ ਅੱਗੇ ਦੀ ਸਖ਼ਤ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਇਹ ਨਤੀਜਾ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਦੇਸ਼ ਦੇ ਮੋਹਰੀ ਫੀਡਰ ਸੰਸਥਾਨ ਵਜੋਂ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੀ ਸ਼ਾਖ ਨੂੰ ਹੋਰ ਵਧੇਰੇ ਮਜ਼ਬੂਤ ਕਰਦਾ ਹੈ। ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਦੀ ਉਸ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਹੈ, ਜਿਸ ਤਹਿਤ ਸੂਬੇ ਦੀ ਨੌਜਵਾਨ ਸ਼ਕਤੀ ਨੂੰ ਰੱਖਿਆ ਸੇਵਾਵਾਂ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਸ਼ਵ ਪੱਧਰੀ ਸਿਖਲਾਈ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ. ਚੌਹਾਨ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਗਾਮੀ ਐੱਸਐੱਸਬੀ ਇੰਟਰਵਿਊ ਲਈ ਵੀ ਅਜਿਹਾ ਹੀ ਉਤਸ਼ਾਹ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਿਆ। ਉਨ੍ਹਾਂ ਸਮਰਪਿਤ ਫੈਕਲਟੀ ਅਤੇ ਸਟਾਫ਼ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਅਣਥੱਕ ਯਤਨਾਂ ਅਤੇ ਨਿੱਠ ਕੇ ਕੀਤੀ ਮਿਹਨਤ ਸਦਕਾ ਇਹ ਅਹਿਮ ਸਫ਼ਲਤਾ ਯਕੀਨੀ ਬਣਾਈ ਜਾ ਸਕੀ ਹੈ। ਇਸ ਮਾਣਮੱਤੀ ਸੰਸਥਾ ਦੇ ਸ਼ਾਨਦਾਰ ਰਿਕਾਰਡ ਨੂੰ ਉਜਾਗਰ ਕਰਦਿਆਂ ਡਾਇਰੈਕਟਰ ਮੇਜਰ ਜਨਰਲ ਚੌਹਾਨ ਨੇ ਦੱਸਿਆ ਕਿ ਸੰਸਥਾ ਦੇ 15 ਕੈਡਿਟ ਇਸੇ ਸਾਲ ਦਸੰਬਰ ਵਿਚ ਸ਼ੁਰੂ ਹੋਣ ਵਾਲੇ ਐੱਨਡੀਏ, ਟੀ.ਈ.ਐੱਸ. ਅਤੇ ਨੇਵਲ ਅਕੈਡਮੀ ਕੋਰਸਾਂ ’ਚ ਸ਼ਾਮਲ ਹੋਣ ਲਈ ਕਾਲ ਲੈਟਰਾਂ ਦੀ ਉਡੀਕ ਕਰ ਰਹੇ ਹਨ।