ਮੁਹਾਲੀ ਜ਼ਿਲ੍ਹੇ ’ਚ ਪਟਾਕਿਆਂ ਦੀ ਵਿੱਕਰੀ ਲਈ ਜਾਰੀ ਹੋਣਗੇ 43 ਲਾਇਸੈਂਸ ਮੁਹਾਲੀ ਜ਼ਿਲ੍ਹੇ ’ਚ ਪਟਾਕਿਆਂ ਦੀ ਵਿੱਕਰੀ ਲਈ ਜਾਰੀ ਹੋਣਗੇ 43 ਲਾਇਸੈਂਸ
Publish Date: Thu, 15 Oct 2026 06:25 PM (IST)
Updated Date: Thu, 15 Oct 2026 06:27 PM (IST)
-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡੀਸੀ ਦੀ ਨਿਗਰਾਨੀ ਹੇਠ ਕੱਢਿਆ ਡਰਾਅ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਪਟਾਕਿਆਂ ਦੀ ਵਿੱਕਰੀ ਲਈ ਅਰਜ਼ੀਆਂ ਦੇਣ ਵਾਲੇ ਲੋਕਾਂ ਨੂੰ 43 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਗਠਿਤ ਵਿਸ਼ੇਸ਼ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਜਨਰਲ) ਸ੍ਰੀਮਤੀ ਗੀਤਿਕਾ ਸਿੰਘ, ਐਸਡੀਐਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਤੇ ਹੋਰਨਾਂ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਨਾਗਰਿਕਾਂ ਦੀ ਮੌਜੂਦਗੀ ’ਚ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢਿਆ ਗਿਆ। ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ, ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ ’ਚ ਨੇਪਰੇ ਚਾੜ੍ਹੀ ਗਈ। ਡਰਾਅ ਮਗਰੋਂ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿਚ 43 ਆਰਜ਼ੀ ਲਾਇਸੈਂਸਾਂ ਲਈ 2118 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਸ ’ਚੋਂ 2097 ਸਹੀ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਬਨੂੜ ’ਚ ਪਟਾਕਿਆਂ ਦੀ ਵਿੱਕਰੀ ਲਈ 18 ਲਾਇਸੈਂਸਾਂ ਲਈ 1910 ਅਰਜ਼ੀਆਂ ਮਿਲੀਆਂ, ਖਰੜ ਤੇ ਕੁਰਾਲੀ ਵਿਚ 7 ਲਾਇਸੈਂਸਾਂ ਲਈ 31 ਅਰਜ਼ੀਆਂ ਮਿਲੀਆਂ, ਜਦੋਂਕਿ ਨਵਾਂ ਗਰਾਓਂ ਲਈ ਕੋਈ ਵੀ ਅਰਜ਼ੀ ਪ੍ਰਾਪਤ ਨਾ ਹੋਣ ਕਰਕੇ ਡਰਾਅ ਨਹੀਂ ਕੱਢਿਆ ਗਿਆ। ਡੇਰਾਬੱਸੀ ਲਈ 6 ਲਾਇਸੈਂਸਾਂ ਲਈ 162 ਅਰਜ਼ੀਆਂ ਮਿਲੀਆਂ। ਇਸ ਤੋਂ ਇਲਾਵਾ ਲਾਲੜੂ ਅਤੇ ਜ਼ੀਰਕਪੁਰ ’ਚ ਪਟਾਕਿਆਂ ਦੀ ਵਿੱਕਰੀ ਲਈ 12 ਲਾਇਸੈਂਸਾਂ ਲਈ 15 ਅਰਜ਼ੀਆਂ ਪ੍ਰਾਪਤ ਹੋਈਆਂ। ਜ਼ੀਰਕਪੁਰ ਲਈ 8 ਲਾਇਸੈਂਸਾਂ ਲਈ 8 ਅਰਜ਼ੀਆਂ ਹੀ ਪ੍ਰਾਪਤ ਹੋਣ ਕਰਕੇ ਡਰਾਅ ਨਹੀਂ ਕੱਢਿਆ ਗਿਆ। ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ’ਚ ਪਟਾਕਿਆਂ ਦੀ ਵਿੱਕਰੀ ਲਈ ਸਿਰਫ਼ 15 ਥਾਵਾਂ ਨਿਰਧਾਰਿਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਕਿਆਂ ਦੀ ਵਿੱਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਚਤ ਸਮੇਂ ਅਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ’ਚ ਪਟਾਕੇ ਚਲਾਉਣ ਅਤੇ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦੀ ਵਿੱਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਬਾਕਸ : ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ, ਸ਼ਾਮ 8 ਵਜੇ ਤੋਂ 10 ਵਜੇ ਤੱਕ ਅਤੇ ਮਿਤੀ 24 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ, ਨਿਰਧਾਰਤ ਆਵਾਜ਼ ਅੰਦਰ ਹੀ ਫਾਇਰ ਕਰੈਕਰਜ਼/ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ’ਚ ਕੋਈ ਵੀ ਵਸਨੀਕ ਫਾਇਰ ਕਰੈਕਰਜ਼/ਪਟਾਕੇ ਨਹੀਂ ਚਲਾਏਗਾ ਅਤੇ ਅਦਾਲਤ ਦੇ ਹੁਕਮਾਂ ਦੀ ਸਵੈ-ਪਾਲਣਾ ਵੀ ਕਰੇਗਾ। ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ਼/ਪਟਾਕਿਆਂ ਦੀ ਸਟੋਰੇਜ ਨਹੀਂ ਕਰੇਗਾ ਅਤੇ ਬਿਨਾਂ ਲਾਇਸੈਂਸ ਤੋਂ ਵਿੱਕਰੀ ਨਹੀਂ ਕਰੇਗਾ। ਪਟਾਕੇ ਵੇਚਣ ਸਬੰਧੀ ਨਿਰਧਾਰਤ ਥਾਵਾਂ, ਪ੍ਰਮੁੱਖ ਸ਼ਰਤਾਂ ਅਤੇ ਵਧੇਰੇ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.sasnagar.nic.in ’ਤੇ ਵੇਖੀ ਜਾ ਸਕਦੀ ਹੈ।