- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਪੁਲਿਸ ਨੂੰ ਵੱਡੀ ਸਫ਼ਲਤਾ: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ 10 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਕਾਬੂ

ਫੋਟੋ ਕੈਪਸ਼ਨ : ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ ਗਿਰੋਹ ਕੋਲੋਂ ਬਰਾਮਦ ਕੀਤੇ ਹਥਿਆਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ। 12ਪੀ
ਫੋਟੋ ਕੈਪਸ਼ਨ : ਮੁਲਜ਼ਮਾਂ ਕੋਲੋਂ ਬਰਾਮਦ ਹਥਿਆਰ। 13ਪੀ
* ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ
* ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
ਅਮਰਜੀਤ ਸਿੰਘ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਪੁਲਿਸ ਨੇ ਮਾੜੇ ਅਨਸਰਾਂ ਤੇ ਹਥਿਆਰ ਤਸਕਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 10 ਆਧੁਨਿਕ ਪਿਸਤੌਲ ਤੇ 20 ਰੌਂਦ ਬਰਾਮਦ ਕੀਤੇ ਹਨ। ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ (ਆਈਪੀਐੱਸ) ਨੇ ਦੱਸਿਆ ਕਿ ਇਹ ਕਾਰਵਾਈ ਐੱਸਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਤੇ ਐੱਸਪੀ (ਆਪ੍ਰੇਸ਼ਨ) ਅਕਾਸ਼ਦੀਪ ਸਿੰਘ ਔਲਖ ਦੀ ਨਿਗਰਾਨੀ ਹੇਠ ਇੰਚਾਰਜ ਸੀਆਈਏ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਾਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
ਸਸਤੇ ਹਥਿਆਰ ਲਿਆ ਕੇ ਮਹਿੰਗੇ ਭਾਅ ਵੇਚਦਾ ਸੀ ਮੁੱਖ ਮੁਲਜ਼ਮ
ਪੁਲਿਸ ਅਨੁਸਾਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਇਲਾਕਿਆਂ ਤੋਂ ਸਸਤੇ ਭਾਅ ’ਚ ਆਧੁਨਿਕ ਨਾਜਾਇਜ਼ ਹਥਿਆਰ ਲਿਆ ਕੇ ਮੁਹਾਲੀ, ਖਰੜ ਤੇ ਆਸ-ਪਾਸ ਦੇ ਖੇਤਰਾਂ ’ਚ ਮੁੱਖ ਮੁਲਜ਼ਮ ਸਚਿਨ ਉਰਫ਼ ਬੱਚੀ ਵਾਸੀ ਹਿਸਾਰ, ਹਰਿਆਣਾ, ਹਾਲ ਵਾਸੀ ਖਰੜ ਮਹਿੰਗੇ ਭਾਅ ਅਸਲਾ ਸਪਲਾਈ ਕਰਦਾ ਸੀ।
ਸਚਿਨ ਉਰਫ਼ ਬੱਚੀ ਬਦਨਾਮ ਬਦਮਾਸ਼ "ਕੀਰਤੀ ਮਾਨ" ਦਾ ਦੂਰ ਦਾ ਰਿਸ਼ਤੇਦਾਰ ਹੈ। ਜ਼ਿਕਰਯੋਗ ਹੈ ਕਿ ਕੀਰਤੀ ਮਾਨ (ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ) ਦਾ ਅਗਸਤ 2026 ’ਚ ਹਰਿਆਣਾ ਦੀ ਅਦਾਲਤ ’ਚ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਮੈਂਬਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਚਿਨ ਖ਼ਿਲਾਫ਼ ਪਹਿਲਾਂ ਵੀ ਅਸਲਾ ਤਸਕਰੀ ਤੇ ਲੜਾਈ-ਝਗੜੇ ਦੇ ਕਈ ਮੁਕੱਦਮੇ ਦਰਜ ਹਨ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦਾ ਵੇਰਵਾ
ਤਿੰਨੇ ਮੁਲਾਜ਼ਮਾਂ ਦੀ ਪਛਾਣ ਸਚਿਨ ਉਰਫ਼ ਬੱਚੀ ਵਾਸੀ ਹਿਸਾਰ ਹਾਲ ਵਾਸੀ ਸੰਤੇ ਮਾਜਰਾ (ਖਰੜ), ਮਹਿਕਦੀਪ ਸਿੰਘ ਉਰਫ਼ ਮਹਿਕ ਵਾਸੀ ਫ਼ਤਹਿਗੜ੍ਹ ਸਾਹਿਬ, ਹਾਲ ਵਾਸੀ ਖਰੜ ਜੋਕਿ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਦਰਜ ਇਰਾਦਾ-ਏ-ਕਤਲ ਦੇ ਮਾਮਲੇ ’ਚ ਭਗੌੜਾ ਸੀ। ਤੀਜਾ ਮੁਲਜ਼ਮ ਹਰਮਨਪ੍ਰੀਤ ਸਿੰਘ ਉਰਫ਼ ਹਾਨੀ ਵਾਸੀ ਪਿੰਡ ਸਿੰਘਾਂਵਾਲਾ (ਮੋਗਾ) ਵਜੋਂ ਹੋਈ ਦੱਸੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਤੇ ਉਨ੍ਹਾਂ ਦੀ ਸਕਾਰਪੀਓ ਗੱਡੀ ਵਿਚੋਂ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ’ਚ ਗਲੋਕ 9ਐੱਮਐੱਮ ਪਿਸਤੌਲ, ਇਕ ਪੁਆਇੰਟ 30 ਬੋਰ ਪਿਸਤੌਲ, 04 ਪੁਆਇੰਟ 32 ਬੋਰ ਪਿਸਤੌਲ ਤੇ 5 ਰੌਂਦ ਸ਼ਾਮਲ ਹਨ।