ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ ਸ਼ੱਕੀ ਹਾਲਤ 'ਚ 24 ਸਾਲਾ ਨੌਜਵਾਨ ਦੀ ਮੌਤ, ਯਾਦਵਿੰਦਰ ਇਨਕਲੇਵ 'ਚ ਸੋਗ ਦੀ ਲਹਿਰ
Publish Date: Sun, 23 Aug 2026 10:18 PM (IST)
Updated Date: Mon, 24 Aug 2026 04:10 AM (IST)
ਫੋਟੋ ਕੈਪਸ਼ਨ : ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ। 33ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪਾਰਸ ਡਾਊਨਟਾਊਨ ਨੇੜਲੀ ਯਾਦਵਿੰਦਰ ਇਨਕਲੇਵ ਚ ਇਕ 24 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਰਹਿਣ ਵਾਲੇ ਰਾਜਮਿਸਤਰੀ ਸੁਰਿੰਦਰ ਕੁਮਾਰ ਦੇ ਛੋਟੇ ਪੁੱਤਰ ਪ੍ਰਿੰਸ ਕੁਮਾਰ ਦੀ ਸ਼ਨਿੱਚਰਵਾਰ ਰਾਤ ਚੰਡੀਗੜ੍ਹ ਪੀਜੀਆਈ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਪ੍ਰਿੰਸ ਪਿਛਲੇ ਕੁਝ ਮਹੀਨਿਆਂ ਤੋਂ ਨਸ਼ੇ ਦੀ ਗ੍ਰਿਫ਼ਤ ਚ ਸੀ, ਜਿਸ ਦਾ ਅਸਰ ਉਸ ਦੀ ਸਿਹਤ ਤੇ ਪੈਣ ਲੱਗਾ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਉਸ ਨੇ ਕੰਮ ਤੇ ਜਾਣਾ ਵੀ ਛੱਡ ਦਿੱਤਾ ਸੀ। ਜਦੋਂ ਪਿਤਾ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਨਸ਼ਾ ਛਡਾਊ ਕੇਂਦਰ ਚ ਦਾਖ਼ਲ ਕਰਵਾਉਣ ਦਾ ਯਤਨ ਕੀਤਾ, ਪਰ ਇਸੇ ਦੌਰਾਨ ਉਸ ਦੀ ਤਬੀਅਤ ਵਿਗੜ ਗਈ। ਪਹਿਲਾਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ। ਫੇਫੜਿਆਂ ਚ ਇਨਫੈਕਸ਼ਨ ਅਤੇ ਪਾਣੀ ਭਰਨ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਯਾਦਵਿੰਦਰ ਐਨਕਲੇਵ ਚ ਸ਼ੋਕ ਦੀ ਲਹਿਰ ਦੌੜ ਗਈ। ਐਤਵਾਰ ਨੂੰ ਬਲਟਾਣਾ ਦੇ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਹੋਰਾਂ ਦੇ ਘਰਾਂ ਦੇ ਚਿਰਾਗ ਬੁੱਝਣ ਤੋਂ ਬਚ ਸਕਣ। ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ।