- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਆਟੋ ਗੈਰੇਜ 'ਚ ਅੱਗ ਲੱਗਣ ਨਾਲ 17 ਲਗਜ਼ਰੀ ਕਾਰਾਂ ਸੜ ਕੇ ਸੁਆਹ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਦੇ ਸੈਕਟਰ-117 ਵਿਚ ਦੀਵਾਲੀ ਦੀ ਰਾਤ ਨੂੰ ਕਾਰ ਡਿਟੇਲਿੰਗ ਸਟੂਡੀਓ ਵਿਚ ਲੱਗੀ ਭਿਆਨਕ ਅੱਗ ਕਾਰਨ 17 ਲਗਜ਼ਰੀ ਕਾਰਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਬਲੌਂਗੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਦਸੇ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੈਕਟਰ-117 ਸਥਿਤ 'ਦੀ ਆਟੋ ਫੋਕਸ ਡਿਟੇਲਿੰਗ ਸਟੂਡੀਓ' ਜੋ ਕਿ ਤਿੰਨ ਦੇ ਸ਼ੈੱਡਾਂ ਵਿਚ ਬਣਿਆ ਹੋਇਆ ਸੀ, ਵਿਚ ਲੰਘੀ ਰਾਤ ਲਗਭਗ 8 ਵਜੇ ਅਚਾਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਉੱਚੀਆਂ ਲਪਟਾਂ ਨੇ ਤਿੰਨੇ ਸ਼ੈੱਡਾਂ ਨੂੰ ਆਪਣੀ ਲਪੇਟੇ ’ਚ ਲੈ ਲਿਆ, ਜਿਸ ਨਾਲ ਇਲਾਕੇ ਵਿਚ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਾਦਸੇ ਸਮੇਂ ਗੈਰੇਜ ’ਚ ਕਈ ਗੱਡੀਆਂ ਖੜ੍ਹੀਆਂ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਨੇੜੇ-ਨੇੜੇ ਪਾਰਕ ਕੀਤੀਆਂ 12 ਲਗਜ਼ਰੀ ਕਾਰਾਂ ਤੁਰੰਤ ਅੱਗ ਦੀ ਲਪੇਟ ’ਚ ਆ ਗਈਆਂ। ਇਸ ਤੋਂ ਇਲਾਵਾ, ਕੁਝ ਦੂਰੀ 'ਤੇ ਸੁਰੱਖਿਅਤ ਥਾਂ 'ਤੇ ਖੜ੍ਹੀਆਂ 5 ਹੋਰ ਗੱਡੀਆਂ ਵੀ ਅੱਗ ਨਾਲ ਸੜਦੀਆਂ ਦੇਖੀਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਘਟਨਾ ਦੀ ਇਤਲਾਹ ਮਿਲਦੇ ਹੀ ਫਾਇਰ ਟੈਂਡਰ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਾਲਾਂਕਿ, ਜਦੋਂ ਤੱਕ ਫਾਇਰ ਫਾਈਟਿੰਗ ਟੀਮਾਂ ਪਹੁੰਚੀਆਂ, ਜ਼ਿਆਦਾਤਰ ਕਾਰਾਂ ਪੂਰੀ ਤਰ੍ਹਾਂ ਅੱਗ ਦੀ ਲਪੇਟ ’ਚ ਆ ਕੇ ਸੜ ਚੁੱਕੀਆਂ ਸਨ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਗੈਰੇਜ ਦੇ ਕੁੱਝ ਵਰਕਰਾਂ ਅਤੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਸੂਤਰਾਂ ਦੇ ਮੁਤਾਬਕ, ਪੁਲਿਸ ਵੱਲੋਂ ਗੱਡੀਆਂ ਦੇ ਮਾਲਕਾਂ ਅਤੇ ਗੈਰੇਜ ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਮਹਿਜ਼ ਇੱਕ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਸ਼ਰਾਰਤ/ਸਾਜ਼ਿਸ਼ ਸੀ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਚੱਲੇਗਾ।