ਜੂਨੀਅਰ ਨੈਸ਼ਨਲ ਮਹਿਲਾ ਹਾਕੀ ਪੰਜਾਬ ਦੀ ਟੀਮ ’ਚ ਦੋ ਸੱਕੀਆਂ ਭੈਣਾਂ ਸਣੇ ਛੇ ਦੀ ਚੋਣ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2026 ਦੀ ਸ਼ੁਰੂਆਤ
Publish Date: Wed, 12 Aug 2026 06:16 PM (IST)
Updated Date: Thu, 13 Aug 2026 04:02 AM (IST)
ਫੋਟੋ ਕੈਪਸ਼ਨ : ਪੂਣੇ ਲਈ ਰਵਾਨਾ ਤੋਂ ਪਹਿਲਾਂ ਮਹਿਲਾ ਖਿਡਾਰੀ ਕੌਮਾਂਤਰੀ ਹਾਕੀ ਸਟੇਡੀਅਮ ਮੁਹਾਲੀ ਵਿਚ ਆਪਣੇ ਕੋਚਾਂ ਨਾਲ। 1ਪੀ * 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2026 ਦੀ ਸ਼ੁਰੂਆਤ * ਪੂਣੇ ਰਵਾਨਗੀ ਤੋਂ ਪਹਿਲਾਂ ਖਿਡਾਰਨਾਂ ਨੇ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ’ਚ ਅਭਿਆਸ ਕੀਤਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਐਤਕੀਂ ਪੂਣੇ ਦੇ ਹਿੱਸੇ ਆਈ ਹੈ। ਅੱਜ ਪੂਣੇ ’ਚ ਸ਼ੁਰੂ ਹੋਇਆ ਇਹ ਵੱਕਾਰੀ ਟੂਰਨਾਮੈਂਟ 23 ਅਗਸਤ ਤੱਕ ਖੇਡਿਆ ਜਾਵੇਗਾ। ਜਾਣਕਾਰੀ ਦਿੰਦਿਆਂ ਹਾਕੀ ਦੀ ਸਾਬਕਾ ਖਿਡਾਰਨ ਤੇ ਕੋਚ ਨਵਦੀਪ ਕੌਰ ਲੱਖਿਆਣ ਨੇ ਦੱਸਿਆ ਕਿ ਸਾਰੇ ਮੁਕਾਬਲੇ ਪੂਣੇ ਦੇ ਪਿੰਪਰੀ-ਚਿੰਚਵੜ ’ਚ ਸਥਿਤ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ। ਪੰਜਾਬ ’ਚੋਂ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਟੀਮ ’ਚ ਛੇ ਮਹਿਲਾ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਦੋ ਸਕੀਆਂ ਭੈਣਾਂ ਸਨਾ ਤੇ ਸੋਲਾਨੀ ਪੁੱਤਰੀਆਂ ਮਨਜੀਤ ਸਿੰਘ, ਪਰਮਜੀਤ ਕੌਰ ਪੁੱਤਰੀ ਕਾਬਲ ਸਿੰਘ, ਮਸ਼ਕੀਨ ਪ੍ਰੀਤ ਪੁੱਤਰੀ ਬਲਤੇਜ਼ ਸਿੰਘ, ਜਸਮੀਨ ਗਿੱਲ ਪੁੱਤਰੀ ਜਤਿੰਦਰ ਕੁਮਾਰ ਤੇ ਹਰਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਸ਼ਾਮਲ ਹਨ। ਇਹ ਖਿਡਾਰਨਾਂ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ’ਚ ਪ੍ਰੈਕਟਿਸ ਕਰਦੀਆਂ ਹਨ ਅਤੇ ਦੇਸ਼ ਲਈ ਗੋਲਡ ਮੈਡਲ ਜਿੱਤਣ ਦੀ ਇੱਛਾ ਰੱਖਦੀਆਂ ਹਨ। ਅੱਜ ਵੀ ਪੂਣੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਪਰੋਕਤ ਖਿਡਾਰਨਾਂ ਨੇ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ’ਚ ਅਭਿਆਸ ਕੀਤਾ। ਇਸ ਮੌਕੇ ਕੋਚ ਅੰਕਿਤਾ ਸ਼ਰਮਾ ਤੇ ਹਰਵਿੰਦਰ ਸੈਣੀ ਅਤੇ ਨਵਦੀਪ ਕੌਰ ਲੱਖਿਆਣ ਚੱਪੜਚਿੜੀ ਵੀ ਮੌਜੂਦ ਸਨ। ਉਨ੍ਹਾਂ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਜਾਣ ਵਾਲੀਆਂ ਮੁਟਿਆਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਚੈਂਪੀਅਨਸ਼ਿਪ ’ਚ ਦੇਸ਼ ਭਰ ’ਚੋਂ ਕੁੱਲ 30 ਟੀਮਾਂ ਹਿੱਸਾ ਲੈ ਰਹੀਆਂ ਹਨ। ਟੀਮਾਂ ਨੂੰ ਤਿੰਨ ਪ੍ਰਮੁੱਖ ਡਵੀਜ਼ਨਾਂ ‘ਏ’, ‘ਬੀ’ ਤੇ ‘ਸੀ’ ’ਚ ਵੰਡਿਆ ਗਿਆ ਹੈ। ਮੇਜ਼ਬਾਨ ਹਾਕੀ ਮਹਾਰਾਸ਼ਟਰ ਦੀ ਜੂਨੀਅਰ ਮਹਿਲਾ ਟੀਮ ਨੂੰ ਡਿਵੀਜ਼ਨ ‘ਏ’ ਦੇ ਪੂਲ ਸੀ ’ਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਉੱਤਰ ਪ੍ਰਦੇਸ਼ ਤੇ ਮਨੀਪੁਰ ਦੀਆਂ ਮਜ਼ਬੂਤ ਟੀਮਾਂ ਨਾਲ ਹੋਵੇਗਾ। ਇਸ ਟੂਰਨਾਮੈਂਟ ਰਾਹੀਂ ਦੇਸ਼ ਭਰ ਦੀਆਂ ਉੱਭਰਦੀਆਂ ਮਹਿਲਾ ਹਾਕੀ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਇਕ ਵੱਡਾ ਮੰਚ ਮਿਲੇਗਾ।