ਭਾਰਤ ਦੇ ਸਟਾਰਟਅੱਪ ਖੇਤਰ ਨੂੰ ਹੁਲਾਰਾ ਦੇਣ ਲਈ 15 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਦਾ ਐਲਾਨ ਭਾਰਤ ਦੇ ਸਟਾਰਟਅੱਪ ਖੇਤਰ ਨੂੰ ਹੁਲਾਰਾ ਦੇਣ ਲਈ 15 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਦਾ ਐਲਾਨ
Publish Date: Sat, 10 Oct 2026 07:19 PM (IST)
Updated Date: Sat, 10 Oct 2026 07:20 PM (IST)
- ਸੀਯੂ ’ਚ ਉਦਯੋਗ, ਅਕਾਦਮਿਕ ਖੋਜ ਤੇ ਸਟਾਰਟਅੱਪਸ ਨੂੰ ਮਿਲੇਗਾ ਸਾਂਝਾ ਮੰਚ - ਸੀਯੂ ਦੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਵੱਲੋਂ 50 ਕਰੋੜ ਰੁਪਏ ਦੀ ਫੰਡਿੰਗ ਪੂਲ ਦਾ ਐਲਾਨ - ਖੋਜ ਨੂੰ ਵਪਾਰਕ ਵਰਤੋਂ ਯੋਗ ਤਕਨੀਕਾਂ ’ਚ ਬਦਲਣ ਤੇ ਸਟਾਰਟਅੱਪਸ ਨੂੰ ਵਿਕਸਿਤ ਕਰਨ ’ਤੇ ਜ਼ੋਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਰਤ ਦੇ ਨੌਜਵਾਨ ਉੱਦਮੀਆਂ ਲਈ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ‘ਕੈਂਪਸ ਟੈਂਕ-ਇੰਡੀਆਜ਼ ਨੈਕਸਟ ਯੂਨੀਕੌਰਨ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਸਟਾਰਟਅੱਪਸ ਲਈ 15 ਮਿਲੀਅਨ ਅਮਰੀਕੀ ਡਾਲਰ ਦਾ ਫੰਡਿੰਗ ਪੂਲ ਰੱਖਿਆ ਗਿਆ ਹੈ, ਜੋ ਪਹਿਲੇ ਸੀਜ਼ਨ ਦੇ 6 ਮਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ ਢਾਈ ਗੁਣਾ ਵੱਧ ਹੈ। ਇਸ ਪਹਿਲਕਦਮੀ ਰਾਹੀਂ ਨੌਜਵਾਨ ਇਨੋਵੇਟਰਾਂ ਨੂੰ ਆਪਣੇ ਕਾਰੋਬਾਰੀ ਵਿਚਾਰ ਨਿਵੇਸ਼ਕਾਂ ਸਾਹਮਣੇ ਰੱਖਣ ਦਾ, ਮਾਹਿਰਾਂ ਤੋਂ ਮਾਰਗਦਰਸ਼ਨ ਹਾਸਲ ਕਰਨ ਅਤੇ ਆਪਣੇ ਵਿਚਾਰਾਂ ਨੂੰ ਬਾਜ਼ਾਰ ਵਿੱਚ ਉਤਾਰਨ ਦਾ ਮੌਕਾ ਮਿਲੇਗਾ। ਇਸ ਨਾਲ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਆਧਾਰਿਤ ਉੱਦਮਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ। ਇਸ ਦਾ ਐਲਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਕੌਮੀ ਪੱਧਰ ਦੇ ‘ਇਨਕਿਊਬੇਟਰ ਐਂਡ ਕੈਪੀਟਲ ਸਮਿਟ 2026’ ਅਤੇ ‘ਇਸਬੈਕਨ 2026’ ਦੇ ਦੂਜੇ ਦਿਨ ਕੀਤਾ ਗਿਆ। ਇਹ ਸਮਾਗਮ ਸੀਯੂ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਵੱਲੋਂ ਇੰਡੀਅਨ ਸਾਇੰਸ ਐਂਡ ਟੈਕਨਾਲੋਜੀ ਐਂਟਰਪ੍ਰਿਨਿਓਰਜ਼ ਪਾਰਕਸ ਐਂਡ ਬਿਜ਼ਨਸ ਇਨਕਿਊਬੇਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੰਮੇਲਨ ’ਚ 20 ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 400 ਇਨਕਿਊਬੇਟਰ ਸੰਸਥਾਨਾਂ, ਚੋਣਵੇਂ 100 ਸਟਾਰਟਅੱਪਸ, 80 ਨਿਵੇਸ਼ਕਾਂ ਅਤੇ ਸਰਕਾਰ, ਨੀਤੀ-ਨਿਰਮਾਣ ਤੇ ਉਦਯੋਗ ਜਗਤ ਨਾਲ ਜੁੜੇ 60 ਤੋਂ ਵੱਧ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਦਾ ਉਦੇਸ਼ ਭਾਰਤ ਦੀ ਸਟਾਰਟਅੱਪ ਅਤੇ ਡੀਪ-ਟੈਕ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਸਾਂਝਾ ਮੰਚ ਪ੍ਰਦਾਨ ਕਰਨਾ ਹੈ। ਸੰਸਦ ਮੈਂਬਰ ਅਤੇ ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਸਮੇਤ ਇਨਫੋਸਿਸ ਦੇ ਸਹਿ-ਸੰਸਥਾਪਕ ਕ੍ਰਿਸ ਗੋਪਾਲਕ੍ਰਿਸ਼ਨਨ, ਅਪਨਾ ਦੇ ਗਰੁੱਪ ਸੀਈਓ ਨਿਰਮਿਤ ਪਾਰਿਖ, ਵੈਂਚਰ ਕੈਟਾਲਿਸਟਸ ਦੇ ਸੀਓਓ ਹੇਮੰਤ ਮਲਹੋਤਰਾ, ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ, ਆਈਆਈਟੀ ਮਦਰਾਸ ਦੇ ਪ੍ਰੋਫੈਸਰ ਡਾ. ਗੌਰਵ ਰੈਨਾ, ਐਮਾਜ਼ਾਨ ਦੇ ਪਬਲਿਕ ਪਾਲਿਸੀ ਵਿਭਾਗ ਤੋਂ ਡਾ. ਪ੍ਰੀਤ ਦੀਪ ਸਿੰਘ ਅਤੇ ਕੇਂਦਰੀ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਉਮੇਸ਼ ਵੀ. ਵਾਘਮਾਰੇ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਨਵੀਨ ਜਿੰਦਲ ਨੇ ਕਿਹਾ, ਵਿਕਸਿਤ ਭਾਰਤ-2047 ਦੇ ਟੀਚੇ ਨੂੰ ਹਾਸਲ ਕਰਨ ’ਚ ਦੇਸ਼ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ। ਅਜੋਕੇ ਨੌਜਵਾਨਾਂ ਕੋਲ ਆਪਣੇ ਵਿਚਾਰਾਂ ਨੂੰ ਹਕੀਕਤ ’ਚ ਬਦਲਣ ਲਈ ਪਹਿਲਾਂ ਦੇ ਮੁਕਾਬਲੇ ਵਧੇਰੇ ਮੌਕੇ, ਗਿਆਨ, ਫੰਡਿੰਗ ਅਤੇ ਮੰਚ ਉਪਲਬਧ ਹਨ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੀਯੂ ਕੈਂਪਸ ਟੈਂਕ ਦਾ ਉਦੇਸ਼ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਸਟਾਰਟਅੱਪ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਮੰਚ, ਮਾਰਗਦਰਸ਼ਨ ਅਤੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਆਪਣੇ ਰਾਸ਼ਟਰੀ ਆਗੂਆਂ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਣਾ ਲੈ ਕੇ ਤਰੱਕੀ ਕਰਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਲੋਕਾਂ ਦਾ ਵੱਡਾ ਹਿੱਸਾ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦਾ ਰਿਹਾ, ਪਰ ਸਾਲ 2014 ’ਚ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਦੇਸ਼ ’ਚ ਨਵੀਂ ਉਮੀਦ ਜਾਗੀ।