ਬਿਮਾਰੀਆਂ ਨੂੰ ਮਾਤ ਦੇ ਕੇ 14 ਸਾਲਾ ਮਾਇਰਾ ਬਣੀ ਮਿਸਾਲ: ਯੋਗਾ ਚੈਂਪੀਅਨ ਤੇ ਬਾਲ ਵਿਗਿਆਨੀ ਅੰਤਰਰਾਸ਼ਟਰੀ ਪੱਧਰ 'ਤੇ ਚਮਕਾ ਰਹੀ ਹੈ ਦੇਸ਼ ਦਾ ਨਾਮ
ਜ਼ੀਰਕਪੁਰ ਦੀ ਮਹਿਜ਼ 14 ਸਾਲਾ ਧੀ ਮਾਇਰਾ ਖੱਟਰ ਕਈ ਆਟੋਇਮਿਊਨ ਬਿਮਾਰੀਆਂ ਨਾਲ ਜੂਝਣ ਦੇ ਬਾਵਜੂਦ, ਆਪਣੀਆਂ ਅਸਾਧਾਰਨ ਪ੍ਰਾਪਤੀਆਂ ਸਦਕਾ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੀ ਹੈ। ਮਾਇਰਾ ਦਾ ਸੰਘਰਸ਼ ਭਰਿਆ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਅੱਠ ਸਾਲ ਦੀ ਸੀ। ਸਿਹਤ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਉਸ ਨੇ ਹਾਰ ਮੰਨਣ ਦੀ ਬਜਾਏ ਖ਼ੁਦ ਨੂੰ ਹੋਰ ਮਜ਼ਬੂਤ ਕੀਤਾ।
Publish Date: Sat, 18 Jul 2026 12:00 PM (IST)
Updated Date: Sat, 18 Jul 2026 12:02 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਜ਼ੀਰਕਪੁਰ ਦੀ ਮਹਿਜ਼ 14 ਸਾਲਾ ਧੀ ਮਾਇਰਾ ਖੱਟਰ ਕਈ ਆਟੋਇਮਿਊਨ ਬਿਮਾਰੀਆਂ ਨਾਲ ਜੂਝਣ ਦੇ ਬਾਵਜੂਦ, ਆਪਣੀਆਂ ਅਸਾਧਾਰਨ ਪ੍ਰਾਪਤੀਆਂ ਸਦਕਾ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੀ ਹੈ। ਮਾਇਰਾ ਦਾ ਸੰਘਰਸ਼ ਭਰਿਆ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਅੱਠ ਸਾਲ ਦੀ ਸੀ। ਸਿਹਤ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਉਸ ਨੇ ਹਾਰ ਮੰਨਣ ਦੀ ਬਜਾਏ ਖ਼ੁਦ ਨੂੰ ਹੋਰ ਮਜ਼ਬੂਤ ਕੀਤਾ।
ਸਖ਼ਤ ਅਨੁਸ਼ਾਸਨ ਅਤੇ ਯੋਗਾ ਪ੍ਰਤੀ ਸਮਰਪਣ ਦੇ ਬਲ ’ਤੇ ਉਹ ਦੋ ਵਾਰ ਚੰਡੀਗੜ੍ਹ ਸਟੇਟ ਯੋਗਾ ਚੈਂਪੀਅਨ ਬਣੀ। ਯੋਗਾ ਦੇ ਨਾਲ-ਨਾਲ ਉਸ ਨੇ ਵਿਗਿਆਨ ਅਤੇ ਨਵੀਨਤਾ ਦੇ ਖੇਤਰ ’ਚ ਵੀ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਸ ਦੇ ਖੋਜ ਕਾਰਜਾਂ ਨੂੰ ਨਾਸਾ, ਇਸਰੋ, ਆਈਆਈਟੀ ਮੁਬੰਈ, ਆਈਆਈਟੀ ਮਦਰਾਸ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਕਾਰੀ ਸੰਸਥਾਵਾਂ ਦੇ ਵਿਗਿਆਨੀਆਂ ਵੱਲੋਂ ਵੀ ਸਲਾਹਿਆ ਗਿਆ ਹੈ।
ਮਾਇਰਾ ਇਸ ਵੇਲੇ ਮਾਡਲ ਯੂਨਾਈਟਿਡ ਨੇਸ਼ਨਜ਼ ਦੀ ਇਕ ਦੱਖਣੀ ਏਸ਼ੀਆਈ ਸੰਸਥਾ ਦੀ ਪ੍ਰਧਾਨ ਵਜੋਂ ਨੌਜਵਾਨਾਂ ਦੀ ਅਗਵਾਈ ਕਰ ਰਹੀ ਹੈ। ਉਸ ਨੇ ਬੱਚਿਆਂ ਦੀ ਸਿੱਖਿਆ, ਜਾਗਰੂਕਤਾ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਯੂਕੇ ਦੇ ਵਿਦਿਆਰਥੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਪ੍ਰੋਗਰਾਮ ਸ਼ੁਰੂ ਕੀਤੇ ਹਨ।
ਇਸ ਤੋਂ ਇਲਾਵਾ, ਉਸ ਨੇ ਨਿਊਰੋਡਾਇਵਰਜੈਂਟ ਬੱਚਿਆਂ ਲਈ ਇਕ ਕਿਤਾਬ ਵੀ ਲਿਖੀ ਹੈ ਅਤੇ ਕੋਮਲ ਖੇਤਲ ਨਾਲ ਮਿਲ ਕੇ ਸਕੂਲਾਂ ’ਚ 'ਐਂਟੀ-ਬੁਲਿੰਗ ਮੁਹਿੰਮ' ਚਲਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ। ਮਾਇਰਾ ਦਾ ਮੰਨਣਾ ਹੈ ਕਿ ਅਸਲ ਸਫ਼ਲਤਾ ਪੁਰਸਕਾਰਾਂ ਵਿਚ ਨਹੀਂ, ਸਗੋਂ ਸਮਾਜ ਦੀ ਸੇਵਾ ਕਰਨ ਵਿਚ ਹੈ।