ਮੁਫ਼ਤ ਸਿਹਤ ਕੈਂਪ ਦੌਰਾਨ 124 ਮਰੀਜ਼ਾਂ ਦੀ ਜਾਂਚ
ਮੁਫ਼ਤ ਸਿਹਤ ਕੈਂਪ ਦੌਰਾਨ 124 ਮਰੀਜ਼ਾਂ ਦੀ ਜਾਂਚ, 145 ਪਰਿਵਾਰਾਂ ਦੇ ਬਣੇ ਹੈਲਥ ਕਾਰਡ : ਡਾ. ਸੰਨੀ ਸਿੰਘ ਆਹਲੂਵਾਲੀਆ
Publish Date: Wed, 25 Mar 2026 05:39 PM (IST)
Updated Date: Wed, 25 Mar 2026 05:41 PM (IST)

145 ਪਰਿਵਾਰਾਂ ਦੇ ਬਣੇ ਹੈਲਥ ਕਾਰਡ : ਡਾ. ਸੰਨੀ ਸਿੰਘ ਆਹਲੂਵਾਲੀਆ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਹਤ ਸਹੂਲਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਪਿੰਡ ਚਿੱਲਾ ’ਚ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਵਿਸ਼ਾਲ ਮੁਫ਼ਤ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਸਿਹਤ ਸਹੂਲਤਾਂ ਦਾ ਲਾਭ ਲਿਆ। ਕੈਂਪ ਦੌਰਾਨ ਕੁੱਲ 124 ਮਰੀਜ਼ਾਂ ਦੀ ਵਿਸਥਾਰਪੂਰਵਕ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿਚ ਦੰਦਾਂ ਦੀ ਜਾਂਚ, ਸਕੇਲਿੰਗ, ਦੰਦ ਕੱਢਣ, ਫਿਲਿੰਗ ਸਮੇਤ ਮੂੰਹ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ, ਅੱਖਾਂ ਦੀ ਜਾਂਚ ਅਤੇ ਮਹਿਲਾਵਾਂ ਦੀ ਸਿਹਤ ਸਬੰਧੀ ਸਕ੍ਰੀਨਿੰਗ ਵੀ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 145 ਲੋਕਾਂ ਦੇ ਹੈਲਥ ਕਾਰਡ ਵੀ ਬਣਾਏ ਗਏ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਹੋਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਪਿੰਡ ਪੱਧਰ ’ਤੇ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਛੋਟੀਆਂ ਬਿਮਾਰੀਆਂ ਲਈ ਸ਼ਹਿਰਾਂ ਦੇ ਮਹਿੰਗੇ ਹਸਪਤਾਲਾਂ ਦਾ ਰੁਖ਼ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਹੀ ਖੁਸ਼ਹਾਲ ਅਤੇ ਮਜ਼ਬੂਤ ਸਮਾਜ ਦੀ ਨੀਂਹ ਹੈ ਅਤੇ ਅਜਿਹੇ ਕੈਂਪ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਅੰਤ ਵਿਚ ਡਾ. ਆਹਲੂਵਾਲੀਆ ਨੇ ਪਿੰਡ ਚਿੱਲਾ ਤੋਂ ਕਰਨਵੀਰ ਸਿੰਘ (ਅਜ਼ਾਦੀ), ਸਰਪੰਚ ਅਮਰੀਕ ਸਿੰਘ, ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ, ਸੰਤੋਖ ਸਿੰਘ ਲੰਬੜਦਾਰ, ਜਤਿੰਦਰ ਸਿੰਘ ਪੰਚ, ਰਿੰਕੂ ਪੰਚ, ਦਰਬਜੀਤ ਸਿੰਘ ਕਾਲਾ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਪੰਚ, ਗੁਰਮੀਤ ਸਿੰਘ ਲੰਬੜਦਾਰ, ਭੁਪਿੰਦਰ ਸਿੰਘ ਲੰਬੜਦਾਰ, ਗੁਰਪ੍ਰੀਤ ਸਿੰਘ ਗੁਰਦੁਆਰਾ ਪ੍ਰਧਾਨ ਅਤੇ ਸਮੂਹ ਪਿੰਡ ਵਾਸੀਆਂ ਦਾ ਕੈਂਪ ਦੀ ਸਫ਼ਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।