ਸਮ੍ਰਿਤੀ ਇਰਾਨੀ ਦਾ ਵੱਡਾ ਦਾਅਵਾ: ਮੋਦੀ ਸਰਕਾਰ ਦੇ 12 ਸਾਲਾਂ ਨੇ ਬਦਲੀ ਦੇਸ਼ ਦੀ ਤਸਵੀਰ, ਹਰ ਵਰਗ ਦਾ ਹੋਇਆ ਵਿਕਾਸ
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 12 ਸਾਲ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੀਆਂ ਨੀਤੀਆਂ ਨੂੰ ਸਮਰਪਿਤ ਰਹੇ ਹਨ।
Publish Date: Thu, 18 Jun 2026 06:24 PM (IST)
Updated Date: Thu, 18 Jun 2026 06:27 PM (IST)
ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 12 ਸਾਲ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੀਆਂ ਨੀਤੀਆਂ ਨੂੰ ਸਮਰਪਿਤ ਰਹੇ ਹਨ।
ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਦੀ ਹਾਜ਼ਰੀ ’ਚ ਸੰਬੋਧਨ ਕਰਦਿਆਂ ਇਰਾਨੀ ਨੇ ਕਿਹਾ ਕਿ ਦੇਸ਼ ਵਾਸੀਆਂ ਦੇ ਸਹਿਯੋਗ ਅਤੇ ਭਰੋਸੇ ਸਦਕਾ ਕੇਂਦਰ ਸਰਕਾਰ ਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ’ਚ ਸਕਾਰਾਤਮਕ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 12 ਸਾਲਾਂ ਦੌਰਾਨ ਚਾਰ ਕਰੋੜ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ, 12 ਕਰੋੜ ਪਰਿਵਾਰਾਂ ਨੂੰ ਟਾਇਲਟ ਦੀ ਸਹੂਲਤ ਅਤੇ 16 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਰਾਹੀਂ ਕਿਸਾਨਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਸਿੱਧਾ ਲਾਭ ਪਹੁੰਚਿਆ ਹੈ।
ਦੇਸ਼ ਵਿੱਚ ਮੈਟਰੋ ਨੈੱਟਵਰਕ ਦਾ ਵਿਸਥਾਰ ਹੋਇਆ ਹੈ ਅਤੇ 160 ਤੋਂ ਵੱਧ ਵੰਦੇ ਭਾਰਤ ਟਰੇਨਾਂ ਚਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਸੜਕੀ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਗਿਆ ਹੈ।
ਇਰਾਨੀ ਨੇ ਕਿਹਾ ਕਿ 109 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਮਾਈਕਰੋ ਇਰੀਗੇਸ਼ਨ ਨਾਲ ਜੋੜਿਆ ਗਿਆ ਹੈ, ਜਦਕਿ ਧਾਰਾ 370 ਨੂੰ ਹਟਾਉਣ ਅਤੇ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਵਰਗੇ ਫ਼ੈਸਲੇ ਵੀ ਮੋਦੀ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਸ਼ਾਮਲ ਹਨ। ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਸੂਬੇ ਦੇ ਲੋਕਾਂ ਤੱਕ ਪਹੁੰਚ ਰਿਹਾ ਹੈ ਪਰ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਵੀ ਮੌਜੂਦ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਹੋਰ ਸਰਗਰਮੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਪੰਜਾਬੀਆਂ ਦੇ ਸ਼ੌਰਿਆ, ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਪਾਏ ਯੋਗਦਾਨ ਤੋਂ ਭਲੀ-ਭਾਂਤ ਜਾਣੂ ਹਨ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ, ਅੰਨ ਉਤਪਾਦਨ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਡੇਰਾਬਸੀ ਭਾਜਪਾ ਦੇ ਆਗੂ ਗੁਰਦਰਸ਼ਨ ਸਿੰਘ ਸੈਣੀ ਅਤੇ ਮਨਪ੍ਰੀਤ ਸਿੰਘ ਬੰਨੀ ਸੰਧੂ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਸ਼ਾਮਲ ਰਹੇ।