ਬੀਬੀਐੱਮਬੀ ਨੇ 996 ਮੀਟ੍ਰਿਕ ਟਨ ਕਬਾੜ ਵੇਚ ਕੇ ਕਮਾਏ 7.06 ਕਰੋੜ ਰੁਪਏ ਈ-ਕਚਰੇ ਦੀ ਨਿਲਾਮੀ ਤੋਂ
Publish Date: Mon, 02 Nov 2026 09:01 PM (IST)
Updated Date: Tue, 03 Nov 2026 04:05 AM (IST)
ਈ-ਕਚਰੇ ਦੀ ਨਿਲਾਮੀ ਤੋਂ ਵੀ 7.73 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਪੁਰਾਣੇ ਰਿਕਾਰਡ ਤੇ ਬਕਾਇਆ ਕੇਸਾਂ ਦਾ ਵੀ ਕੀਤਾ ਨਿਪਟਾਰਾ ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਵਿਸ਼ੇਸ਼ ਮੁਹਿੰਮ 6.0 ਤਹਿਤ ਆਪਣੇ ਵੱਖ-ਵੱਖ ਦਫਤਰਾਂ ਤੇ ਪ੍ਰੋਜੈਕਟਾਂ ’ਚ ਸਫਾਈ, ਰਿਕਾਰਡ ਪ੍ਰਬੰਧਨ ਤੇ ਬਕਾਇਆ ਕੇਸਾਂ ਦੇ ਨਿਪਟਾਰੇ ਵੱਲ ਕਈ ਕਦਮ ਚੁੱਕੇ ਹਨ। ਇਸ ਮੁਹਿੰਮ ਦੌਰਾਨ 2 ਤੋਂ 31 ਅਕਤੂਬਰ ਤੱਕ ਈ-ਨਿਲਾਮੀ ਰਾਹੀਂ ਲਗਭਗ 996 ਮੀਟ੍ਰਿਕ ਟਨ ਕਬਾੜ ਵੇਚਿਆ ਗਿਆ, ਜਿਸ ਨਾਲ ਬੋਰਡ ਨੂੰ 7.06 ਕਰੋੜ ਰੁਪਏ ਦੀ ਆਮਦਨ ਹੋਈ। ਇਸ ਦੇ ਨਾਲ ਹੀ ਈ-ਵੇਸਟ ਦੀ ਨਿਲਾਮੀ ਤੋਂ 7.73 ਲੱਖ ਰੁਪਏ ਦੀ ਆਮਦਨ ਹੋਈ। ਬਿਜਲੀ ਮੰਤਰਾਲੇ ਅਧੀਨ ਬੀਬੀਐੱਮਬੀ ਨੇ ਪ੍ਰਸ਼ਾਸਨਿਕ ਸੁਧਾਰਾਂ ਤੇ ਲੋਕ ਸ਼ਿਕਾਇਤਾਂ ਵਿਭਾਗ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ। ਇਸ ਦਾ ਮੁੱਖ ਉਦੇਸ਼ ਸਰਕਾਰੀ ਦਫਤਰਾਂ ’ਚ ਸਫਾਈ ਨੂੰ ਉਤਸ਼ਾਹਿਤ ਕਰਨਾ, ਬਕਾਇਆ ਮਾਮਲਿਆਂ ਨੂੰ ਘਟਾਉਣਾ ਤੇ ਈ-ਕਚਰੇ ਦਾ ਵਿਗਿਆਨਕ ਨਿਪਟਾਰਾ ਕਰਨਾ ਹੈ। ਮੁਹਿੰਮ ਦੌਰਾਨ ਲੰਬਿਤ ਵੀਆਈਪੀ ਹਵਾਲੇ, ਜਨਤਕ ਸ਼ਿਕਾਇਤਾਂ ਤੇ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਦਫ਼ਤਰਾਂ ’ਚ ਸਫ਼ਾਈ ਅਭਿਆਨ ਚਲਾਇਆ ਗਿਆ ਤੇ ਪੁਰਾਣੇ ਰਿਕਾਰਡ ਤੇ ਫਾਈਲਾਂ ਨੂੰ ਹਟਾਉਣ ਦੇ ਨਾਲ-ਨਾਲ ਖਾਲੀ ਪਈ ਥਾਂ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਇਆ ਗਿਆ। ਬੀਬੀਐੱਮਬੀ ਨੇ ਇਸ ਤੋਂ ਪਹਿਲਾਂ ਜੂਨ 2026 ’ਚ ਕਬਾੜ ਦੀ ਈ-ਨਿਲਾਮੀ ਤੋਂ 7.39 ਕਰੋੜ ਰੁਪਏ ਦਾ ਮਾਲੀਆ ਕਮਾਇਆ ਸੀ। ਬੋਰਡ ਅਨੁਸਾਰ ਇਹ ਯਤਨ ਕੰਮਕਾਜ ’ਚ ਪਾਰਦਰਸ਼ਤਾ, ਜਵਾਬਦੇਹੀ ਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨਗੇ।