ਸ਼ਹੀਦ ਬਾਬਾ ਸਿੱਧ ਭੋਇ ਜੀ ਦੇ ਮੇਲੇ ’ਤੇ ਤੀਸਰੇ ਦਿਨ ਵੀ ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ
ਸ਼ਹੀਦ ਬਾਬਾ ਸਿੱਧ ਭੋਇ ਜੀ
Publish Date: Thu, 20 Jun 2024 06:36 PM (IST)
Updated Date: Thu, 20 Jun 2024 06:36 PM (IST)
ਸ਼ਹੀਦ ਬਾਬਾ ਸਿੱਧ ਭੋਇ ਜੀ ਦੇ ਮੇਲੇ ’ਤੇ ਤੀਸਰੇ ਦਿਨ ਵੀ ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ
ਹਰਕ੍ਰਿਸ਼ਨ ਸ਼ਰਮਾ, ਮਾਨਸਾ ਧਾਲੀਵਾਲ ਭਾਈਚਾਰੇ ਦਾ ਮੁੱਖ ਸਥਾਨ ਸ਼ਹੀਦ ਬਾਬਾ ਸਿੱਧ ਭੋਇ ਜੀ ਪਿੰਡ ਕੋਟਲੱਲੂ ਜ਼ਿਲ੍ਹਾ ਮਾਨਸਾ ’ਚ ਲੱਗੇ ਤਿੰਨ ਦਿਨਾ ਸਾਲਾਨਾ ਜੋੜ ਮੇਲੇ ਦੌਰਾਨ ਵੀਰਵਾਰ ਨੂੰ ਤੀਜੇ ਦਿਨ ਵੀ ਸੰਗਤਾਂ ਨਤਮਸਤਕ ਹੋਣ ਲਈ ਦੂਰ ਦੁਰਾਡੇ ਤੋਂ ਪੁੱਜਦੀਆਂ ਰਹੀਆਂ। ਮੇਲੇ ’ਚ ਸ਼ਹੀਦ ਬਾਬਾ ਸਿੱਧ ਭੋਇ ਜੀ ਵੈੱਲਫ਼ੇਅਰ ਸੁਸਾਇਟੀ (ਰਜਿ.2569) ਪਿੰਡ ਕੋਟਲੱਲੂ (ਮਾਨਸਾ) ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਪ੍ਰਧਾਨ ਅਵਤਾਰ ਸਿੰਘ ਧਾਲੀਵਾਲ ਬਾਜੇਵਾਲਾ, ਮੀਤ ਪ੍ਰਧਾਨ ਗਾਗੜ ਸਿੰਘ ਕੋਟਲੱਲੂ, ਖਜ਼ਾਨਚੀ ਜਗਰਾਜ ਸਿੰਘ ਧਾਲੀਵਾਲ ਗੰਢੂ ਕਲਾਂ, ਸਕੱਤਰ ਲਾਭ ਸਿੰਘ ਧਾਲੀਵਾਲ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਸੰਗਤਾਂ ਇਸ ਮੇਲੇ ਦੌਰਾਨ ਵੱਡੀ ਗਿਣਤੀ ’ਚ ਪੁੱਜ ਰਹੀਆਂ ਹਨ ਅਤੇ ਸ਼ਰਧਾ ਨਾਲ ਨਤਮਸਤਕ ਹੋ ਰਹੀਆਂ ਹਨ। ਪ੍ਰਬੰਧਕ ਕਮੇਟੀ ਵੱਲੋਂ ਟੈਂਟ, ਲੰਗਰ, ਪਾਣੀ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਸੰਗਤਾਂ ਲਈ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਪਿੰਡ ਕੋਟ ਲੱਲੂ ਤੇ ਹੋਰ ਪਿੰਡਾਂ ਦੀ ਸੰਗਤ ਵੀ ਆਪਣੀਆਂ ਸੇਵਾਵਾਂ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਧਾਲੀਵਾਲ ਭਾਈਚਾਰੇ ਨਾਲ ਸਬੰਧਤ ਸੰਗਤਾਂ ਜਿੱਥੇ ਇਸ ਮੇਲੇ ’ਚ ਪੁੱਜਦੀਆਂ ਹਨ, ਉਥੇ ਹੀ ਰਾਜਸਥਾਨ, ਦਿੱਲੀ, ਮਹਾਂਰਾਸ਼ਟਰ, ਹਰਿਆਣਾ ਅਤੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਤੋਂ ਵੀ ਸੰਗਤਾਂ ਇਸ ਮੌਕੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਮੇਲਾ 18, 19 ਅਤੇ 20 ਜੂਨ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਇੱਥੇ ਪਹੁੰਚੀਆਂ ਸੰਗਤਾਂ ਤੇ ਸਹਿਯੋਗ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰ ਕਿਸੇ ਦੇ ਸਹਿਯੋਗ ਨਾਲ ਹਰ ਵਾਰ ਦੀ ਤਰ੍ਹਾਂ ਇਹ ਸਲਾਨਾ ਜੋੜ ਮੇਲਾ ਬਹੁਤ ਵਧੀਆ ਸ਼ਰਧਾ ਪੂਰਵਕ ਮਨਾਇਆ ਗਿਆ। ਸ਼ਹੀਦ ਬਾਬਾ ਸਿੱਧ ਭੋਇ ਜੀ ਸਾਲਾਨਾ ਜੋੜ ਮੇਲੇ ਦੌਰਾਨ ਬੱਚਿਆਂ ਲਈ ਝੂਲੇ ਲਗਾਏ ਹੋਏ ਸਨ। ਇਨ੍ਹਾ ਝੂਲਿਆਂ ’ਤੇ ਬੱਚੇ ਆਨੰਦ ਮਾਣਦੇ ਨਜ਼ਰ ਆਏ।