ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਰਾਮਪੁਰਾ ਫੂਲ ‘ਚ ਹੋਵੇਗਾ ਭਰਵਾਂ ਸਵਾਗਤ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਰਾਮਪੁਰਾ ਫੂਲ ‘ਚ ਹੋਵੇਗਾ ਭਰਵਾਂ ਸਵਾਗਤ
Publish Date: Wed, 11 Nov 2026 05:28 PM (IST)
Updated Date: Wed, 11 Nov 2026 05:30 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ੁਰੂ ਕੀਤੀ ਜਾ ਰਹੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਨੂੰ ਲੈ ਕੇ ਪੰਜਾਬ ਭਰ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਯਾਤਰਾ ਸਿਰਫ਼ ਇਕ ਸਾਈਕਲ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਨੇਰੇ ਵਿਚੋਂ ਕੱਢ ਕੇ ਖੇਡਾਂ, ਸਿਹਤ, ਸਿੱਖਿਆ ਤੇ ਤਰੱਕੀ ਦੀ ਰੌਸ਼ਨੀ ਵੱਲ ਲਿਜਾਣ ਦਾ ਇਕ ਮਹੱਤਵਪੂਰਨ ਸੁਨੇਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਕਾਂਗਰਸ ਆਗੂ ਹਰਮਨਵੀਰ ਸਿੰਘ ਜੈਸੀ ਕਾਂਗੜ, ਸੀਨੀਅਰ ਕਾਂਗਰਸ ਆਗੂ ਬੂਟਾ ਸਿੰਘ ਸਿੱਧੂ, ਸੀਨੀਅਰ ਕਾਂਗਰਸ ਆਗੂ ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਕਾਂਗਰਸ ਆਗੂ ਜਸਪਾਲ ਸਿੰਘ ਧਾਲੀਵਾਲ, ਸੀਨੀਅਰ ਆਗੂ ਤੀਰਥ ਸਿੰਘ ਸਿੱਧੂ ਦਿਆਲਪੁਰਾ ਮਿਰਜ਼ਾ ਅਤੇ ਨੌਜਵਾਨ ਆਗੂ ਕਾਂਗਰਸ ਗੋਰਾ ਕਾਂਗੜ ਨੇ ਸਾਂਝੇ ਤੌਰ ’ਤੇ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਸੂਬੇ ਦਾ ਅਣਮੁੱਲਾ ਸਰਮਾਇਆ ਹੈ ਤੇ ਇਸ ਸਰਮਾਏ ਦੀ ਰਾਖੀ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜਿਸ ਪੰਜਾਬ ਦੀ ਧਰਤੀ ਨੇ ਦੇਸ਼ ਦੀ ਖ਼ਾਤਰ ਅਣਗਿਣਤ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਦੀ ਤਰੱਕੀ ਵਿਚ ਮੋਹਰੀ ਭੂਮਿਕਾ ਨਿਭਾਈ, ਉਸ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ, ਖੇਡਾਂ ਲਈ ਉਤਸ਼ਾਹ ਤੇ ਬਿਹਤਰ ਭਵਿੱਖ ਦੇ ਮੌਕੇ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਯਾਤਰਾ 17 ਨਵੰਬਰ ਨੂੰ ਹਲਕਾ ਰਾਮਪੁਰਾ ਫੂਲ ਵਿਖੇ ਪਹੁੰਚੇਗੀ ਤਾਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਇਸ ਦਾ ਸ਼ਾਨਦਾਰ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵਿੱਚ ਇਸ ਯਾਤਰਾ ਨੂੰ ਲੈ ਕੇ ਭਾਰੀ ਜੋਸ਼ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਉਪਰਾਲੇ ਦਾ ਹਿੱਸਾ ਬਣਨ ਤੇ ਪੰਜਾਬ ਨੂੰ ਨਸ਼ਾ ਮੁਕਤ, ਤੰਦਰੁਸਤ, ਖੁਸ਼ਹਾਲ ਤੇ ਤਰੱਕੀਸ਼ੀਲ ਬਣਾਉਣ ਲਈ ਇਕਜੁੱਟ ਹੋਣ।