711 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ, ਡਰੱਗ ਮਨੀ ਤੇ ਮੋਟਰਸਾਈਕਲ ਵੀ ਬਰਾਮਦ 711 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ, ਡਰੱਗ ਮਨੀ ਤੇ ਮੋਟਰਸਾਈਕਲ ਵੀ ਬਰਾਮਦ
Publish Date: Sat, 19 Sep 2026 04:13 PM (IST)
Updated Date: Sat, 19 Sep 2026 04:14 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ 711 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਕੋਲੋਂ 1,11,000 ਰੁਪਏ ਦੀ ਭਾਰਤੀ ਕਰੰਸੀ, ਜਿਸ ਨੂੰ ਪੁਲਿਸ ਨੇ ਡਰੱਗ ਮਨੀ ਦੱਸਿਆ ਹੈ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ 17 ਸਤੰਬਰ ਨੂੰ ਮਹਿਲਾ ਥਾਣੇਦਾਰ ਰਾਣੀ ਕੌਰ ਨੰਬਰ 81/ਬੀਆਰਟੀ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਿਕਲੇ ਹੋਏ ਸਨ। ਇਸ ਦੌਰਾਨ ਮੁਖਬਰ ਖਾਸ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਗੁਰੂ ਕਾਸ਼ੀ ਯੂਨੀਵਰਸਿਟੀ ਨੇੜੇ ਸੂਆ ਪੁਲ ’ਤੇ ਨਾਕਾਬੰਦੀ ਕੀਤੀ ਗਈ। ਪੁਲਿਸ ਮੁਤਾਬਕ ਇਸੇ ਦੌਰਾਨ ਇਕ ਨੌਜਵਾਨ ਮੋਟਰਸਾਈਕਲ ’ਤੇ ਜਗਾ ਰਾਮ ਤੀਰਥ ਵੱਲੋਂ ਤਲਵੰਡੀ ਸਾਬੋ ਵੱਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਦੇਖ ਕੇ ਉਸ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ, ਪਰ ਕਾਹਲੀ ਕਾਰਨ ਮੋਟਰਸਾਈਕਲ ਤਿਲਕ ਕੇ ਡਿੱਗ ਪਿਆ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਪਛਾਣ ਜਸਕਰਨ ਸਿੰਘ ਉਰਫ਼ ਕਰਨ ਉਰਫ਼ ਗੋਸਾ ਪੁੱਤਰ ਗੁਰਜੰਟ ਸਿੰਘ ਵਾਸੀ ਭਾਗੀਬਾਦਰ ਵਜੋਂ ਹੋਈ। ਪੁਲਿਸ ਅਨੁਸਾਰ ਮੌਕੇ ’ਤੇ ਪਹੁੰਚੇ ਡੀਐੱਸਪੀ ਤਲਵੰਡੀ ਸਾਬੋ ਜਸਜੋਤ ਸਿੰਘ ਦੀ ਹਾਜ਼ਰੀ ਵਿੱਚ ਕਾਬੂ ਕੀਤੇ ਵਿਅਕਤੀ ਦੇ ਕਬਜ਼ੇ ਵਾਲੇ ਬੈਗ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੋਮੀ ਲਿਫ਼ਾਫ਼ੇ ਸਮੇਤ 711 ਗ੍ਰਾਮ ਹੈਰੋਇਨ ਅਤੇ 1,11,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਇਸ ਤੋਂ ਇਲਾਵਾ ਮੋਟਰਸਾਈਕਲ ਨੰਬਰ ਪੀਬੀ 45 ਏ 6335, ਮਾਰਕਾ ਸਪਲੈਂਡਰ, ਵੀ ਪੁਲਿਸ ਨੇ ਕਬਜ਼ੇ ਵਿੱਚ ਲਿਆ। ਇਸ ਸਬੰਧੀ ਥਾਣਾ ਤਲਵੰਡੀ ਸਾਬੋ ਵਿੱਚ ਮੁਕੱਦਮਾ ਨੰਬਰ 235 ਮਿਤੀ 17.09.2026 ਨੂੰ ਧਾਰਾ 21(ਸੀ), 27(ਏ), 25/61/85 ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।