- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਗਰੇਜ਼ਾਂ ਵੇਲੇ ਬਣਿਆ ਪੁਲ ਢਾਹ ਕੇ ਨਵਾਂ ਬਣਾਉਣ ਦਾ ਕੰਮ ਸ਼ੁਰੂ, ਪੂਹਲਾ-ਬਠਿੰਡਾ ਨਹਿਰ ਦੀ ਪਟੜੀ ਵਾਲੀ ਸੜਕ ਬੰਦ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ’ਤੇ ਪਿੰਡ ਪੂਹਲੀ ਨੇੜੇ ਅੰਗਰੇਜ਼ਾਂ ਦੇ ਸਮੇਂ ਬਣੇ ਪੁਰਾਣੇ ਪੁਲ ਨੂੰ ਢਾਹ ਕੇ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਣ ਕਾਰਨ ਪੂਹਲਾ ਤੋਂ ਬਠਿੰਡਾ ਜਾਣ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ ਆਵਾਜਾਈ ਲਈ ਬੰਦ ਹੋ ਗਈ ਹੈ। ਇਸ ਸੜਕ ਦੇ ਬੰਦ ਹੋਣ ਕਾਰਨ ਨਥਾਣਾ ਖੇਤਰ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਬਠਿੰਡਾ ਆਉਣ-ਜਾਣ ਲਈ ਹੁਣ ਬਦਲਵੇਂ ਰਸਤੇ ਦੀ ਵਰਤੋਂ ਕਰਨੀ ਪੈ ਰਹੀ ਹੈ। ਖਾਸ ਕਰਕੇ ਨੌਕਰੀਪੇਸ਼ਾ ਲੋਕਾਂ, ਵਿਦਿਆਰਥੀਆਂ ਅਤੇ ਰੋਜ਼ਾਨਾ ਬਠਿੰਡਾ ਆਉਣ-ਜਾਣ ਵਾਲੇ ਲੋਕਾਂ ਨੂੰ ਇਸ ਕਾਰਨ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪੂਹਲੀ ਨੇੜੇ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ’ਤੇ ਬਣਿਆ ਇਹ ਪੁਲ ਕਾਫ਼ੀ ਪੁਰਾਣਾ ਹੈ ਅਤੇ ਇਸ ਦਾ ਨਿਰਮਾਣ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਦੌਰਾਨ ਕੀਤਾ ਗਿਆ ਸੀ। ਦਹਾਕਿਆਂ ਪੁਰਾਣਾ ਹੋਣ ਦੇ ਬਾਵਜੂਦ ਇਹ ਪੁਲ ਅੱਜ ਵੀ ਕਾਫ਼ੀ ਮਜ਼ਬੂਤ ਦਿਖਾਈ ਦਿੰਦਾ ਹੈ। ਹੁਣ ਇਸ ਦੀ ਥਾਂ ਨਵਾਂ ਪੁਲ ਬਣਾਉਣ ਲਈ ਪੁਰਾਣੇ ਪੁਲ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਪੁਲ ਨੂੰ ਢਾਹੁਣ ਲਈ ਵੱਡੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪੁਰਾਣਾ ਪੁਲ ਤੋੜਨ ਅਤੇ ਨਵੇਂ ਪੁਲ ਦੀ ਉਸਾਰੀ ਕਾਰਨ ਨਹਿਰ ਦੀ ਪਟੜੀ ਨਾਲ ਲੱਗਦੀ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਪਹਿਲਾਂ ਨਥਾਣਾ ਖੇਤਰ ਦੇ ਕਈ ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਸਿੱਧੇ ਬਠਿੰਡਾ ਪਹੁੰਚ ਜਾਂਦੇ ਸਨ। ਇਸ ਰਸਤੇ ਰਾਹੀਂ ਬਠਿੰਡਾ ਜਾਣ ਵਾਲਿਆਂ ਨੂੰ ਸ਼ਹਿਰ ਵੱਲ ਜਾਣ ਲਈ ਤੁਲਨਾਤਮਕ ਤੌਰ ’ਤੇ ਆਸਾਨ ਅਤੇ ਸੁਵਿਧਾਜਨਕ ਰਸਤਾ ਮਿਲਦਾ ਸੀ। ਸੜਕ ਬੰਦ ਹੋਣ ਕਾਰਨ ਹੁਣ ਲੋਕਾਂ ਨੂੰ ਹੋਰ ਰਸਤਿਆਂ ਰਾਹੀਂ ਬਠਿੰਡਾ ਜਾਣਾ ਪੈ ਰਿਹਾ ਹੈ। ਲੋਕਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਨਥਾਣਾ ਵਾਲੇ ਪਾਸੇ ਪੁਲ ਦੇ ਨਿਰਮਾਣ ਜਾਂ ਸੜਕ ਬੰਦ ਹੋਣ ਸਬੰਧੀ ਕੋਈ ਸਪੱਸ਼ਟ ਸੂਚਨਾ ਬੋਰਡ ਨਹੀਂ ਲਗਾਇਆ ਗਿਆ। ਇਸ ਕਾਰਨ ਕਈ ਲੋਕ ਬਠਿੰਡਾ ਜਾਣ ਲਈ ਪੁਰਾਣੇ ਰਸਤੇ ’ਤੇ ਹੀ ਆਉਂਦੇ ਹਨ ਅਤੇ ਪੁਲ ਦੇ ਨੇੜੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅੱਗੇ ਰਸਤਾ ਬੰਦ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮੁੜ ਕੇ ਬਦਲਵਾਂ ਰਸਤਾ ਅਪਣਾਉਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਥਾਣਾ ਵਾਲੇ ਪਾਸੇ ਪਹਿਲਾਂ ਹੀ ਸੜਕ ਬੰਦ ਹੋਣ ਅਤੇ ਬਦਲਵੇਂ ਰਸਤੇ ਸਬੰਧੀ ਜਾਣਕਾਰੀ ਵਾਲਾ ਬੋਰਡ ਲਗਾ ਦਿੱਤਾ ਜਾਵੇ ਤਾਂ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਕਈ ਪਿੰਡਾਂ ਤੋਂ ਵਿਦਿਆਰਥੀ ਬਠਿੰਡਾ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਲਈ ਜਾਂਦੇ ਹਨ। ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਨੌਕਰੀਪੇਸ਼ਾ ਲੋਕ ਵੀ ਰੋਜ਼ਾਨਾ ਬਠਿੰਡਾ ਆਉਂਦੇ-ਜਾਂਦੇ ਹਨ। ਸੜਕ ਬੰਦ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਹੁਣ ਵਾਧੂ ਦੂਰੀ ਤੈਅ ਕਰਨੀ ਪੈ ਰਹੀ ਹੈ। ਇਸ ਨਾਲ ਨਾ ਸਿਰਫ਼ ਸਮਾਂ ਵੱਧ ਲੱਗ ਰਿਹਾ ਹੈ, ਸਗੋਂ ਵਾਹਨਾਂ ਦੇ ਤੇਲ ਦਾ ਖਰਚਾ ਵੀ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਨਥਾਣਾ ਤੋਂ ਭੁੱਚੋ ਕਲਾਂ ਤਕ ਸੜਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣ ਗਈ ਹੈ, ਜਿਸ ਤੋਂ ਬਾਅਦ ਇਸ ਤੰਗ ਪੁਲ ਨੂੰ ਢਾਹ ਕੇ ਚੌੜਾ ਪੁਲ ਬਣਾਇਆ ਜਾ ਰਿਹਾ ਹੈ।
------
ਕਰੋ ਬਦਲਵੇਂ ਰਸਤੇ ਦੀ ਵਰਤੋਂ
ਸੜਕ ਬੰਦ ਹੋਣ ਕਾਰਨ ਪੂਹਲਾ ਅਤੇ ਆਸ-ਪਾਸ ਦੇ ਪਿੰਡਾਂ ਤੋਂ ਬਠਿੰਡਾ ਜਾਣ ਵਾਲੇ ਲੋਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਕੂਲ ਦੇ ਸਾਹਮਣੇ ਤੋਂ ਨਿਕਲਦੀ ਲਿੰਕ ਸੜਕ ਜਾਂ ਫ਼ਿਰ ਪੂਹਲੀ ਤੋਂ ਨਿਕਲਦੀ ਰਾਹੀਂ ਵਾਇਆ ਢੇਲਵਾ ਹੋ ਕੇ ਬਠਿੰਡਾ ਪਹੁੰਚ ਸਕਦੇ ਹਨ। ਹਾਲਾਂਕਿ ਇਹ ਰਸਤਾ ਪਹਿਲਾਂ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ ਦੇ ਮੁਕਾਬਲੇ ਵੱਖਰਾ ਹੈ, ਪਰ ਫਿਲਹਾਲ ਬੰਦ ਪਏ ਰਸਤੇ ਕਾਰਨ ਲੋਕ ਇਸ ਬਦਲਵੇਂ ਰਸਤੇ ਦੀ ਵਰਤੋਂ ਕਰ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਨਵੇਂ ਪੁਲ ਦਾ ਨਿਰਮਾਣ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤਕ ਸੜਕ ਬੰਦ ਹੋਣ ਵਾਲੇ ਸਥਾਨਾਂ ਤੋਂ ਪਹਿਲਾਂ ਹੀ ਸਪੱਸ਼ਟ ਦਿਸ਼ਾ-ਨਿਰਦੇਸ਼ ਅਤੇ ਸੂਚਨਾ ਬੋਰਡ ਲਗਾਏ ਜਾਣ। ਇਸ ਨਾਲ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇਗਾ। ਲੋਕਾਂ ਦਾ ਕਹਿਣਾ ਹੈ ਕਿ ਪੁਰਾਣੇ ਪੁਲ ਦੀ ਥਾਂ ਨਵਾਂ ਪੁਲ ਬਣਨਾ ਭਵਿੱਖ ਵਿੱਚ ਆਵਾਜਾਈ ਲਈ ਲਾਹੇਵੰਦ ਹੋਵੇਗਾ, ਪਰ ਨਿਰਮਾਣ ਦੌਰਾਨ ਲੋਕਾਂ ਲਈ ਬਦਲਵੇਂ ਰਸਤੇ ਅਤੇ ਜਾਣਕਾਰੀ ਦਾ ਢੁੱਕਵਾਂ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਨਵੇਂ ਪੁਲ ਦੀ ਉਸਾਰੀ ਪੂਰੀ ਹੋਣ ਤੋਂ ਬਾਅਦ ਇਸ ਰਸਤੇ ਰਾਹੀਂ ਆਵਾਜਾਈ ਮੁੜ ਸੁਚਾਰੂ ਹੋਣ ਦੀ ਉਮੀਦ ਹੈ। ਫਿਲਹਾਲ ਇਲਾਕੇ ਦੇ ਲੋਕਾਂ ਨੂੰ ਨਿਰਮਾਣ ਕਾਰਜ ਪੂਰਾ ਹੋਣ ਤੱਕ ਬਦਲਵੇਂ ਰਸਤੇ ਦੀ ਵਰਤੋਂ ਕਰਨੀ ਪਵੇਗੀ।