- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਕੇ ਤੋਂ ਮਿਲੇ ਕੁਝ ਤੱਥਾਂ ਨੇ ਪੁਲਿਸ ਨੂੰ ਸ਼ੱਕ ਕਰਨ ਲਈ ਮਜਬੂਰ ਕੀਤਾ। ਪੁਲਿਸ ਅਨੁਸਾਰ ਘਰ ਦੀ ਜਾਂਚ ਦੌਰਾਨ ਡੀਵੀਆਰ ਤੋਂ ਇਲਾਵਾ ਮ੍ਰਿਤਕ ਅਤੇ ਉਸ ਦੀ ਪਤਨੀ ਦੇ ਮੋਬਾਈਲ ਫੋਨ ਵੀ ਗਾਇਬ ਮਿਲੇ

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਬਠਿੰਡਾ : ਮੌੜ ਮੰਡੀਥਾਣਾ ਮੌੜ ਅਧੀਨ ਪੈਂਦੇ ਪਿੰਡ ਕੋਟਲੀ ਖੁਰਦ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਪੁਲਿਸ ਜਾਂਚ ਮਗਰੋਂ ਕਤਲ ਵਿੱਚ ਤਬਦੀਲ ਹੋ ਗਿਆ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸਮੇਤ ਦੋ ਵਿਅਕਤੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਦੀ ਪਤਨੀ ਕਿਰਨਪਾਲ ਕੌਰ ਨੇ ਕਥਿਤ ਤੌਰ ਤੇ ਆਪਣੇ ਸਾਥੀ ਬ੍ਰਹਮਜੀਤ ਸਿੰਘ ਉਰਫ਼ ਪੀਚਾ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਾਅਦ ਵਿਚ ਇਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਥਾਣਾ ਮੌੜ ਦੇ ਐੱਸਐੱਚਓ ਤਰੁਨਦੀਪ ਸਿੰਘ ਅਨੁਸਾਰ ਪੁਲਿਸ ਨੂੰ ਪਿੰਡ ਕੋਟਲੀ ਖੁਰਦ ਸਥਿਤ ਇਕ ਘਰ ਦੀ ਰਸੋਈ ਵਿਚ ਇਕ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪਹਿਲੀ ਨਜ਼ਰ ਵਿਚ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਸੀ ਪਰ ਮੌਕੇ ਤੋਂ ਮਿਲੇ ਕੁਝ ਤੱਥਾਂ ਨੇ ਪੁਲਿਸ ਨੂੰ ਸ਼ੱਕ ਕਰਨ ਲਈ ਮਜਬੂਰ ਕੀਤਾ। ਪੁਲਿਸ ਅਨੁਸਾਰ ਘਰ ਦੀ ਜਾਂਚ ਦੌਰਾਨ ਡੀਵੀਆਰ ਤੋਂ ਇਲਾਵਾ ਮ੍ਰਿਤਕ ਅਤੇ ਉਸ ਦੀ ਪਤਨੀ ਦੇ ਮੋਬਾਈਲ ਫੋਨ ਵੀ ਗਾਇਬ ਮਿਲੇ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਪੁੱਛਗਿੱਛ ਤੇ ਜਾਂਚ ਦੌਰਾਨ ਪੁਲਿਸ ਨੂੰ ਮ੍ਰਿਤਕ ਦੀ ਪਤਨੀ ਕਿਰਨਪਾਲ ਕੌਰ ਦੇ ਪਿੰਡ ਕੋਟਲੀ ਕਲਾਂ ਵਾਸੀ ਬ੍ਰਹਮਜੀਤ ਸਿੰਘ ਉਰਫ਼ ਪੀਚਾ ਨਾਲ ਕਥਿਤ ਸਬੰਧਾਂ ਬਾਰੇ ਜਾਣਕਾਰੀ ਮਿਲੀ। ਪੁਲਿਸ ਅਨੁਸਾਰ ਵਾਰਦਾਤ ਤੋਂ ਪਹਿਲਾਂ ਰਾਜਪਾਲ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਪੁਲਿਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਕਿਰਨਪਾਲ ਕੌਰ ਅਤੇ ਬ੍ਰਹਮਜੀਤ ਸਿੰਘ ਨੇ ਕਥਿਤ ਤੌਰ ਤੇ ਰਾਜਪਾਲ ਸਿੰਘ ਦਾ ਕਤਲ ਕਰ ਦਿੱਤਾ।