ਅਸਲੇ ਦੀ ਨੋਕ ’ਤੇ ਪਤਨੀ ਦੀ ਕੁੱਟਮਾਰ, ਘਰ ਦੇ ਸਮਾਨ ਦੀ ਭੰਨਤੋੜ, ਪਤੀ ਸਮੇਤ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ
ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਕੋਲ ਅਸਲਾ ਵੀ ਸੀ ਤੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਦਿਆਂ ਸੱਟਾਂ ਮਾਰੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਸਰਬਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਘਰ ਅੰਦਰ ਪਏ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ।
Publish Date: Mon, 14 Sep 2026 04:01 PM (IST)
Updated Date: Mon, 14 Sep 2026 04:02 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ । ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਚ ਇਕ ਔਰਤ ਦੀ ਉਸ ਦੇ ਪਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕਥਿਤ ਤੌਰ ’ਤੇ ਕੁੱਟਮਾਰ ਕਰਨ ਤੇ ਘਰ ਦੇ ਸਮਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨੇਹੀਆਂ ਵਾਲਾ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸਰਬਜੀਤ ਕੌਰ ਵਾਸੀ ਮਹਿਮਾ ਸਰਜਾ ਨੇ ਦੱਸਿਆ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਉਰਫ਼ ਸ਼ਹਿਰੀ ਜਟਾਣਾ ਵਾਸੀ ਪਿੰਡ ਜਟਾਣਾ ਕਲਾਂ, ਜ਼ਿਲ੍ਹਾ ਮਾਨਸਾ, ਆਪਣੇ 10 ਸਾਥੀਆਂ ਨਾਲ ਕਥਿਤ ਤੌਰ ’ਤੇ ਉਸ ਦੇ ਘਰ ਵਿੱਚ ਦਾਖਲ ਹੋਇਆ।
ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਕੋਲ ਅਸਲਾ ਵੀ ਸੀ ਤੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਦਿਆਂ ਸੱਟਾਂ ਮਾਰੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਸਰਬਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਘਰ ਅੰਦਰ ਪਏ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ।
ਘਟਨਾ ਤੋਂ ਬਾਅਦ ਪੀੜਤ ਔਰਤ ਨੇ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨੇਹੀਆਂ ਵਾਲਾ ਦੇ ਸਹਾਇਕ ਥਾਣੇਦਾਰ ਧਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਾਮਜ਼ਦ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।