- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਗਮ ਦੌਰਾਨ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਜੇਕਰ ਕਾਂਗਰਸ ਪਾਰਟੀ ਅਹੁਦੇ ਤੋਂ ਹਟਾਉਦੀ ਹੈ ਤਾਂ ਉਹ ਬਿਨਾਂ ਝਿਜਕ ਇਕ ਆਮ ਵਰਕਰ ਵਜੋਂ ਪਾਰਟੀ ਲਈ ਕੰਮ ਕਰਨਗੇ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਭਾਵੇਂ ਉਨ੍ਹਾਂ ਦਾ ਕਿੰਨਾ ਵੀ ਵਿਰੋਧ ਕਿਉਂ ਨਾ ਹੋਵੇ, ਉਹ ਅਸਤੀਫਾ ਨਹੀਂ ਦੇਣਗੇ। ਰਾਜਾ ਵੜਿੰਗ ਸੋਮਵਾਰ ਨੂੰ ਬਠਿੰਡਾ ਦੀ ਗੋਨਿਆਣਾ ਮੰਡੀ ਵਿਖੇ ਕਰਵਾਏ ਕਾਂਗਰਸ ਪਾਰਟੀ ਦੇ ਸਮਾਗਮ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸਮਾਗਮ ਦੌਰਾਨ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਜੇਕਰ ਕਾਂਗਰਸ ਪਾਰਟੀ ਅਹੁਦੇ ਤੋਂ ਹਟਾਉਦੀ ਹੈ ਤਾਂ ਉਹ ਬਿਨਾਂ ਝਿਜਕ ਇਕ ਆਮ ਵਰਕਰ ਵਜੋਂ ਪਾਰਟੀ ਲਈ ਕੰਮ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਗੋਨਿਆਣਾ ਮੰਡੀ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਰਕਰ ਮਿਲਣੀ ਸਮਾਗਮ ਦੌਰਾਨ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਨ ਲੱਗੇ ਤਾਂ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੀ ਮੰਚ 'ਤੇ ਮੌਜੂਦ ਸਨ। ਚੰਨੀ ਸਮਰਥਕਾਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਕੁਝ ਸਮੇਂ ਤਕ ਜਾਰੀ ਰਹੀ। ਇਸ ਦੌਰਾਨ ਹੀ ਰਾਜਾ ਵੜਿੰਗ ਨੇ ਨਾਅਰੇਬਾਜ਼ੀ ਕਰ ਰਹੇ ਇੱਕ ਨੌਜਵਾਨ ਨੂੰ ਸਟੇਜ 'ਤੇ ਬੁਲਾ ਲਿਆ।
ਵੜਿੰਗ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਲਗਾਉਣਾ ਚਾਹੁੰਦਾ ਹੈ ਤਾਂ ਮੰਚ ਤੋਂ ਹੀ ਨਾਅਰੇ ਲਗਾਏ। ਇਸ ਦੌਰਾਨ ਵੜਿੰਗ ਨੇ ਨੌਜਵਾਨ ਨੂੰ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਲਗਾਏ। ਨੌਜਵਾਨ ਨੇ ਮੰਚ ਤੋਂ ਹੀ ਚੰਨੀ ਨੂੰ ਫੋਨ ਮਿਲਾਇਆ, ਪਰ ਨਹੀਂ ਮਿਲ ਮਿਲਿਆ। ਇਸ ਘਟਨਾ ਨੂੰ ਲੈ ਕੇ ਸਮਾਗਮ ਵਿੱਚ ਮੌਜੂਦ ਵਰਕਰਾਂ ਵਿੱਚ ਕਾਫ਼ੀ ਚਰਚਾ ਰਹੀ।
ਇਸ ਦੌਰਾਨ ਚੰਨੀ ਸਮਰਥਕ ਕਾਫ਼ੀ ਸਮੇਂ ਤਕ ਨਾਅਰੇਬਾਜ਼ੀ ਕਰਦੇ ਰਹੇ ਅਤੇ ਬਾਅਦ ਵਿੱਚ ਰੈਲੀ ਨੂੰ ਛੱਡ ਕੇ ਬਾਹਰ ਚਲੇ ਗਏ, ਜਿਸ ਕਾਰਨ ਕਾਫ਼ੀ ਹੱਦ ਤਕ ਪੰਡਾਲ ਖਾਲੀ ਹੋ ਗਿਆ।। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਗਰਸ ਲੀਡਰਸ਼ਿਪ ਵਰਕਰਾਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਵੱਖ-ਵੱਖ ਸਮਾਗਮਾਂ ਵਿੱਚ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਹੋ ਚੁੱਕੀ ਹੈ। ਨਾਅਰੇਬਾਜ਼ੀ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਇਸ ਮਾਮਲੇ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਕਿਹਾ ਕਿ ਇਹ ਨਾਅਰੇ ਕਾਂਗਰਸ ਪਾਰਟੀ ਦੇ ਹੀ ਹੱਕ ਵਿੱਚ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਕਾਂਗਰਸ ਦੇ ਸਿਪਾਹੀ ਹਨ ਅਤੇ ਸਾਰਿਆਂ ਦਾ ਟੀਚਾ ਇੱਕੋ ਹੈ। ਉਨ੍ਹਾਂ ਨੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਆਪਸੀ ਮਤਭੇਦ ਭੁਲਾ ਕੇ ਮੈਦਾਨ ਵਿੱਚ ਉਤਰਨਾ ਹੋਵੇਗਾ।
ਬਘੇਲ ਨੇ ਇਹ ਵੀ ਮੰਨਿਆ ਕਿ ਪਾਰਟੀ ਦੇ ਕੁਝ ਆਗੂਆਂ ਵਿੱਚ ਮਤਭੇਦ ਹਨ, ਪਰ ਇਹ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਬੈਠ ਕੇ ਗੱਲਬਾਤ ਰਾਹੀਂ ਸਾਰੇ ਮਤਭੇਦ ਦੂਰ ਕਰ ਲਏ ਜਾਣਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮਕਸਦ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਅਤੇ ਪੰਜਾਬ ਵਿੱਚ ਮੁੜ ਸਰਕਾਰ ਬਣਾਉਣਾ ਹੈ। ਇਸ ਦੌਰਾਨ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਸਵਾਲ ਕੀਤਾ ਗਿਆ ਕਿ ਜੇਕਰ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਤਾਂ ਪਾਰਟੀ ਦਾ ਅੰਦਰੂਨੀ ਕਾਟੋ-ਕਲੇਸ਼ ਖਤਮ ਹੋ ਸਕਦਾ ਹੈ, ਤਾਂ ਵੜਿੰਗ ਭੜਕ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ।
ਉਨ੍ਹਾਂ ਕਿਹਾ ਕਿ ਜੇਕਰ ਰੈਲੀ ਵਿੱਚ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਲੱਗ ਰਹੇ ਹਨ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਉਨ੍ਹਾਂ ਕਿਹਾ, ਮੈਂ ਖੁਦ ਵੀ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਲਗਾਉਂਦਾ ਰਿਹਾ ਹਾਂ। ਪਾਰਟੀ ਦੇ ਆਗੂਆਂ ਦੇ ਹੱਕ ਵਿੱਚ ਨਾਅਰੇ ਲੱਗਣਾ ਕੋਈ ਗਲਤ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕ ਵੱਡਾ ਪਰਿਵਾਰ ਹੈ ਅਤੇ ਸਾਰੇ ਆਗੂਆਂ ਦਾ ਟੀਚਾ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਸਮਾਗਮ ਦੌਰਾਨ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।