ਵਾਰਿਸ ਪੰਜਾਬ ਪਾਰਟੀ ਵੱਲੋਂ ਪਿੰਡ ਚੱਕ ਹੀਰਾ ਸਿੰਘ ਵਾਲਾ ਅਤੇ ਰਾਮਸਰਾ ਵਿਖੇ ਡੋਰ-ਟੂ-ਡੋਰ ਪ੍ਰਚਾਰ ਵਾਰਿਸ ਪੰਜਾਬ ਪਾਰਟੀ ਵੱਲੋਂ ਪਿੰਡ ਚੱਕ ਹੀਰਾ ਸਿੰਘ ਵਾਲਾ ਅਤੇ ਰਾਮਸਰਾ ਵਿਖੇ ਡੋਰ-ਟੂ-ਡੋਰ ਪ੍ਰਚਾਰ
Publish Date: Mon, 12 Oct 2026 04:11 PM (IST)
Updated Date: Mon, 12 Oct 2026 04:14 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਪੰਜਾਬ ਵਿਧਾਨ ਸਭਾ ਦੀਆਂ ਸਾਲ 2027 ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਾਰਿਸ ਪੰਜਾਬ ਪਾਰਟੀ ਵੱਲੋਂ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਪਿੰਡ ਚੱਕ ਹੀਰਾ ਸਿੰਘ ਵਾਲਾ ਤੇ ਰਾਮਸਰਾ ਵਿਖੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਵਰਕਰਾਂ ਦੀ ਟੀਮ ਸਮੇਤ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਪੰਜਾਬ ਦੀਆਂ ਸਮੱਸਿਆਵਾਂ ਸਬੰਧੀ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਨਸ਼ਿਆਂ ਨੂੰ ਪੰਜਾਬ ਦੀਆਂ ਪ੍ਰਮੁੱਖ ਸਮੱਸਿਆਵਾਂ ਵਿਚੋਂ ਇਕ ਦੱਸਦਿਆਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਤੇ ਸੂਬੇ ਦਾ ਜੰਗੀ ਪੱਧਰ ’ਤੇ ਵਿਕਾਸ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਵਿਚ ਸਫ਼ਲ ਨਹੀਂ ਹੋ ਸਕੀਆਂ ਅਤੇ ਇਸ ਮੁੱਦੇ ’ਤੇ ਸਿਰਫ਼ ਰਾਜਨੀਤੀ ਹੁੰਦੀ ਰਹੀ ਹੈ, ਵੱਡੀ ਗਿਣਤੀ ਵਿਚ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਸ਼ਿਆਂ ਦੀ ਭੇਟ ਚੜਨਾ, ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਮਨਦੀਪ ਸਿੰਘ ਸਿੱਧੂ ਦੇ ਨਾਲ ਟੈਣੀ ਅਗਰਵਾਲ, ਸੋਨੀ ਬਾਬਾ, ਪਰਮਪ੍ਰੀਤ ਸਿੰਘ ਮਾਨਸ਼ਾਹੀਆ, ਭਿੰਦਰ ਸਿੰਘ ਭਾਈ ਬਖਤੌਰ, ਗੰਗਾ ਰਾਮ, ਪਾਲੀ ਅਤੇ ਅੰਮ੍ਰਿਤਪਾਲ ਚੱਠਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।