ਵਿਸ਼ਵਨਾਥ ਕਤਲ ਕਾਂਡ : ਮ੍ਰਿਤਕ ਦੇ ਫੋਨ ਨੇ ਦਿੱਤਾ ਕਤਲ ਦਾ ਸਬੂਤ ਵਿਸ਼ਵਨਾਥ ਕਤਲ ਕਾਂਡ : ਮ੍ਰਿਤਕ ਦੇ ਫੋਨ ਨੇ ਦਿੱਤਾ ਕਤਲ ਦਾ ਸਬੂਤ
Publish Date: Tue, 01 Sep 2026 05:43 PM (IST)
Updated Date: Tue, 01 Sep 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਠਿੰਡਾ ਬਾਬਾ ਫਰੀਦ ਨਗਰ ਵਾਸੀ ਤੇ ਨਿਊ ਗੁਰੂ ਕਾਸ਼ੀ ਬੱਸ ਸਰਵਿਸ ਦੇ ਸਾਬਕਾ ਮੈਨੇਜਰ-ਕਮ-ਅਕਾਊਂਟੈਂਟ ਵਿਸ਼ਵਨਾਥ (47) ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਦੇ ਮਾਮਲੇ ’ਚ ਥਾਣਾ ਸਦਰ ਪੁਲਿਸ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਲੰਘੀ 20 ਅਗਸਤ ਨੂੰ ਲਾਪਤਾ ਹੋਏ ਵਿਸ਼ਵਨਾਥ ਦੀ ਲਾਸ਼ 11 ਦਿਨ ਬਾਅਦ 31 ਅਗਸਤ ਨੂੰ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਲਸਾੜਾ ਡਰੇਨ ’ਚੋਂ ਮਿਲੀ ਸੀ। ਲਾਸ਼ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਉਸ ਦੇ ਹੱਥ-ਪੈਰ ਰੱਸੀਆਂ ਨਾਲ ਬੱਝੇ ਹੋਏ ਮਿਲੇ। ਪਰਿਵਾਰ ਨੇ ਇਸ ਨੂੰ ਅਗਵਾ ਤੋਂ ਬਾਅਦ ਕੀਤਾ ਗਿਆ ਕਤਲ ਦੱਸਦਿਆਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸਾਜ਼ਿਸ਼ ਤਹਿਤ ਘਰੋਂ ਬੁਲਾਇਆ, ਰਸਤੇ ’ਚ ਕਾਰ ਨਾਲ ਟੱਕਰ ਮਾਰ ਕੇ ਚੁੱਕਣ ਦਾ ਦੋਸ਼ ਪਰਿਵਾਰਕ ਮੈਂਬਰਾਂ ਅਨੁਸਾਰ 20 ਅਗਸਤ ਦੀ ਦੇਰ ਸ਼ਾਮ ਵਿਸ਼ਵਨਾਥ ਨੂੰ ਉਸ ਦੇ ਇੱਕ ਸਾਬਕਾ ਸਹਿਕਰਮੀ ਨੇ ਫੋਨ ਕਰਕੇ ਗ੍ਰੋਥ ਸੈਂਟਰ ਵੱਲ ਬੁਲਾਇਆ ਗਿਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਵਿਸ਼ਵਨਾਥ ਨੂੰ ਪਹਿਲਾਂ ਹੀ ਕਿਸੇ ਅਣਹੋਣੀ ਦਾ ਖ਼ਦਸ਼ਾ ਸੀ। ਇਸ ਕਾਰਨ ਉਸ ਨੇ ਮੋਬਾਈਲ ਦੀ ਵੀਡੀਓ ਰਿਕਾਰਡਿੰਗ ਚਾਲੂ ਕਰਕੇ ਫੋਨ ਆਪਣੀ ਜੇਬ ’ਚ ਰੱਖ ਲਿਆ ਸੀ। ਪਰਿਵਾਰ ਮੁਤਾਬਕ ਰਸਤੇ ’ਚ ਇੱਕ ਕਾਰ ਨੇ ਵਿਸ਼ਵਨਾਥ ਨੂੰ ਟੱਕਰ ਮਾਰੀ ਅਤੇ ਇਸ ਤੋਂ ਬਾਅਦ ਕਾਰ ਸਵਾਰਾਂ ਨੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਕਾਰ ’ਚ ਸੁੱਟ ਲਿਆ। ਇਸ ਦੌਰਾਨ ਹੋਈ ਗੱਲਬਾਤ ਅਤੇ ਘਟਨਾ ਨਾਲ ਸਬੰਧਤ ਆਵਾਜ਼ਾਂ ਉਸ ਦੇ ਮੋਬਾਈਲ ’ਚ ਰਿਕਾਰਡ ਹੋ ਗਈਆਂ। ਪਰਿਵਾਰ ਇਸ ਨੂੰ ਮਾਮਲੇ ਦਾ ਅਹਿਮ ਸਬੂਤ ਦੱਸ ਰਿਹਾ ਹੈ। ਮ੍ਰਿਤਕ ਦੇ ਪੁੱਤਰ ਸਕਸ਼ਮ ਅਤੇ ਭਰਾ ਜੈ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੁਲਿਸ ਨੂੰ ਵਿਸ਼ਵਨਾਥ ਦੇ ਅਗਵਾ ਹੋਣ ਦਾ ਖ਼ਦਸ਼ਾ ਦੱਸਣ ਦੇ ਨਾਲ ਕਥਿਤ ਮੁਲਜ਼ਮਾਂ ਦੇ ਨਾਂ ਵੀ ਦਿੱਤੇ ਸਨ। ਇਸ ਦੇ ਬਾਵਜੂਦ ਪੁਲਿਸ ਨੇ ਉਸ ਦੀ ਭਾਲ ’ਚ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ। ਪਰਿਵਾਰ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਵਿਸ਼ਵਨਾਥ ਦੀ ਜਾਨ ਬਚ ਸਕਦੀ ਸੀ। ਵਿਸ਼ਵਨਾਥ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਨਿਊ ਗੁਰੂ ਕਾਸ਼ੀ ਬੱਸ ਸਰਵਿਸ ’ਚ ਅਕਾਊਂਟੈਂਟ ਵਜੋਂ ਕੰਮ ਕਰਦਾ ਸੀ। ਪਰਿਵਾਰ ਅਨੁਸਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਤੋਂ ਬਾਅਦ ਉਸ ਨੇ 4 ਅਗਸਤ ਨੂੰ ਨੌਕਰੀ ਛੱਡ ਦਿੱਤੀ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਇਸੇ ਵਿਵਾਦ ਕਾਰਨ ਸਾਜ਼ਿਸ਼ ਰਚ ਕੇ ਉਸ ਨੂੰ ਘਰੋਂ ਬੁਲਾਇਆ ਗਿਆ ਅਤੇ ਰਸਤੇ ’ਚ ਅਗਵਾ ਕਰ ਲਿਆ ਗਿਆ। ਮ੍ਰਿਤਕ ਦੇ ਭਰਾ ਜੈ ਨੇ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ’ਤੇ ਵੀ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਅਗਵਾ ਹੋਣ ਦਾ ਖ਼ਦਸ਼ਾ ਜਤਾਉਣ, ਮੋਬਾਈਲ ’ਚ ਘਟਨਾ ਦੀ ਰਿਕਾਰਡਿੰਗ ਹੋਣ ਅਤੇ ਕਥਿਤ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਨੇ ਸਮੇਂ ਸਿਰ ਕਦਮ ਨਹੀਂ ਚੁੱਕੇ। ਜੇਕਰ ਪੁਲਿਸ ਤੁਰੰਤ ਕਾਰਵਾਈ ਕਰਦੀ ਤਾਂ ਅੱਜ ਵਿਸ਼ਵਨਾਥ ਨੇ ਜਿਉਂਦਾ ਹੋਣਾ ਸੀ। ਦੂਜੇ ਪਾਸੇ ਐਸਪੀ (ਐਚ) ਬਠਿੰਡਾ ਮਨੋਜ ਗੋਰਸੀ ਅਨੁਸਾਰ ਵਿਸ਼ਵਨਾਥ ਦੇ ਲਾਪਤਾ ਹੋਣ ਸਬੰਧੀ ਮਾਮਲਾ 20 ਅਗਸਤ ਨੂੰ ਥਾਣਾ ਸਦਰ ਬਠਿੰਡਾ ’ਚ ਦਰਜ ਕੀਤਾ ਗਿਆ ਸੀ। ਹੁਣ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਮਾਮਲੇ ’ਚ ਧਾਰਾਵਾਂ ਵਧਾ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਜਿਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ, ਉਨਾਂ ਦੇ ਨਾਮਾਂ ਦੀ ਅਜੇ ਤੱਕ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।