ਥਾਣਾ ਤਲਵੰਡੀ ਸਾਬੋ 'ਚ ਵਿਜੀਲੈਂਸ ਦਾ ਵੱਡਾ ਐਕਸ਼ਨ, ਕੁੱਟਮਾਰ ਦੇ ਕੇਸ 'ਚ ਕਾਰਵਾਈ ਬਦਲੇ 20 ਹਜ਼ਾਰ ਰਿਸ਼ਵਤ ਲੈਂਦਾ ASI ਬਲਜੀਤ ਸਿੰਘ ਰੰਗੇ ਹੱਥੀਂ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਦੁਪਹਿਰ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ASI ਬਲਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਐਸਆਈ 'ਤੇ ਕੁੱਟਮਾਰ ਦੇ ਇੱਕ ਮਾਮਲੇ 'ਚ ਕਾਰਵਾਈ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਆਰੋਪ ਹੈ। ਸ਼ਿਕਾਇਤ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਇਹ ਕਾਰਵਾਈ ਅਮਲ 'ਚ ਲਿਆਂਦੀ।
Publish Date: Tue, 07 Jul 2026 04:37 PM (IST)
Updated Date: Tue, 07 Jul 2026 04:38 PM (IST)
ਜਾਸ, ਬਠਿੰਡਾ/ਤਲਵੰਡੀ ਸਾਬੋ - ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਦੁਪਹਿਰ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ASI ਬਲਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਐਸਆਈ 'ਤੇ ਕੁੱਟਮਾਰ ਦੇ ਇੱਕ ਮਾਮਲੇ 'ਚ ਕਾਰਵਾਈ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਆਰੋਪ ਹੈ। ਸ਼ਿਕਾਇਤ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਇਹ ਕਾਰਵਾਈ ਅਮਲ 'ਚ ਲਿਆਂਦੀ।
ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਖੇਤਰ ਦੇ ਪਿੰਡ ਬਹਿਮਣ ਜੱਸਾ ਸਿੰਘ 'ਚ ਕੁਝ ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਕੁੱਟਮਾਰ ਹੋਈ ਸੀ। ਇਸ ਮਾਮਲੇ ਦੀ ਜਾਂਚ ਏਐਸਆਈ ਬਲਜੀਤ ਸਿੰਘ ਕਰ ਰਹੇ ਸਨ। ਆਰੋਪ ਹੈ ਕਿ ਉਨ੍ਹਾਂ ਨੇ ਇੱਕ ਧਿਰ ਖ਼ਿਲਾਫ਼ ਮਾਮਲਾ ਦਰਜ ਕਰਨ ਜਾਂ ਕਾਰਵਾਈ ਕਰਨ ਦੇ ਨਾਂ 'ਤੇ ਦੂਜੀ ਧਿਰ ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ 'ਚ ਸੌਦਾ 20 ਹਜ਼ਾਰ ਰੁਪਏ 'ਚ ਤੈਅ ਹੋ ਗਿਆ।
ਸ਼ਿਕਾਇਤਕਰਤਾ ਸ਼ਿਵਰਾਜ ਸਿੰਘ ਨਿਵਾਸੀ ਬੀੜ ਤਾਲਾਬ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ। ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਡੀਐਸਪੀ ਸੰਦੀਪ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਨੇ ਮੰਗਲਵਾਰ ਨੂੰ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਏਐਸਆਈ ਬਲਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਏਐਸਆਈ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ 'ਚ ਅਗਲੇਰੀ ਕਾਰਵਾਈ ਜਾਰੀ ਹੈ।