ਨਸ਼ਿਆਂ ਖ਼ਿਲਾਫ਼ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੇ ਕੱਢਿਆ ਜਾਗਰੂਕਤਾ ਮਾਰਚ, ਨੌਜਵਾਨਾਂ ਦਾ ਉਮੜਿਆ ਜਨ ਸੈਲਾਬ ਨਸ਼ਿਆਂ ਖ਼ਿਲਾਫ਼ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਨੇ ਕੱਢਿਆ ਜਾਗਰੂਕਤਾ ਮਾਰਚ, ਨੌਜਵਾਨਾਂ ਦਾ ਉਮੜਿਆ ਜਨ ਸੈਲਾਬ
Publish Date: Thu, 08 Oct 2026 05:23 PM (IST)
Updated Date: Thu, 08 Oct 2026 05:26 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਅਜੇਪਾਲ ਮਿੱਡੂ ਖੇੜਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਬਠਿੰਡਾ ਵਿੱਚ ਜਾਗਰੂਕਤਾ ਮਾਰਚ ਕੱਢਿਆ ਗਿਆ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਅਜੇਪਾਲ ਮਿੱਡੂ ਖੇੜਾ ਨੇ ਕਿਹਾ ਕਿ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਮਾਜ ਭਲਾਈ ਅਤੇ ਵਾਤਾਵਰਨ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਗਈ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਹੁਣ ਤਕ ਲੱਖਾਂ ਦਰੱਖਤ ਲਗਾਏ ਜਾ ਚੁੱਕੇ ਹਨ। ਇਸ ਮੁਹਿੰਮ ਦਾ ਮਕਸਦ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਸੰਭਾਲ ਤੋਂ ਇਲਾਵਾ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ ਹੈ, ਜਦਕਿ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਡੀਕਲ ਕੈਂਪ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨਾ ਫਾਊਂਡੇਸ਼ਨ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਅਜੇਪਾਲ ਮਿੱਡੂ ਖੇੜਾ ਨੇ ਕਿਹਾ ਕਿ ਨਸ਼ਿਆਂ ਦੀ ਬੁਰਾਈ ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦੀ ਤਾਕਤ ਹਨ ਅਤੇ ਜੇਕਰ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਇਆ ਜਾਵੇ ਤਾਂ ਸਮਾਜ ਵਿੱਚ ਵੱਡੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਬਠਿੰਡਾ ਵਿੱਚ ਜਾਗਰੂਕਤਾ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਮਿਲੇ ਵੱਡੇ ਹੁੰਗਾਰੇ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਜਾਗਰੂਕਤਾ ਦੀ ਇਹ ਮੁਹਿੰਮ ਹੁਣ ਹੋਰਨਾਂ ਸ਼ਹਿਰਾਂ ਤੱਕ ਵੀ ਲਿਜਾਈ ਜਾਵੇਗੀ। ਮਿੱਡੂ ਖੇੜਾ ਨੇ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਦੂਰ ਰਹਿਣ, ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ।