ਮੌੜ ਮੰਡੀ ਵਿਚ ਐਂਟਰੀ ਫੀਸ ਦੇ ਵਿਰੋਧ ’ਚ ਸਬਜ਼ੀ ਵਿਕ੍ਰੇਤਾਵਾਂ ਨੇ ਲਾਇਆ ਧਰਨਾ ਮੌੜ ਮੰਡੀ ਵਿਚ ਐਂਟਰੀ ਫੀਸ ਦੇ ਵਿਰੋਧ ’ਚ ਸਬਜ਼ੀ ਵਿਕਰੇਤਾਵਾਂ ਨੇ ਲਾਇਆ ਧਰਨਾ
Publish Date: Sun, 16 Aug 2026 07:35 PM (IST)
Updated Date: Mon, 17 Aug 2026 04:09 AM (IST)
ਮੰਡੀ ਬੋਰਡ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਪੰਜਾਬ ਮੰਡੀ ਬੋਰਡ ਵੱਲੋਂ ਸਬਜ਼ੀ ਮੰਡੀ ’ਚ ਆਉਣ ਵਾਲੀਆਂ ਰੇਹੜੀਆਂ ਤੇ ਹੋਰ ਵਾਹਨਾਂ ’ਤੇ ਐਂਟਰੀ ਫੀਸ ਲਾਉਣ ਦੇ ਫੈਸਲੇ ਦਾ ਸਥਾਨਕ ਰੇਹੜਾ-ਫੜ੍ਹੀ ਵਾਲਿਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਰੋਸ ਵਜੋਂ ਮੌੜ ਮੰਡੀ ਦੀ ਸਬਜ਼ੀ ਮੰਡੀ ’ਚ ਸਬਜ਼ੀ ਵਿਕ੍ਰੇਤਾਵਾਂ ਨੇ ਖਰੀਦਦਾਰੀ ਦਾ ਬਾਈਕਾਟ ਕਰਦਿਆਂ ਮੰਡੀ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਵਿਕ੍ਰੇਤਾਵਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਮਹਿੰਗਾਈ ਤੇ ਘੱਟ ਮੁਨਾਫ਼ੇ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਥੋਕ ਆੜ੍ਹਤੀਆਂ ਵੱਲੋਂ ਉਨ੍ਹਾਂ ਤੋਂ ਕਥਿਤ ਤੌਰ ’ਤੇ ਵੱਧ ਕਮਿਸ਼ਨ ਵਸੂਲਿਆ ਜਾ ਰਿਹਾ ਹੈ ਤੇ ਹੁਣ ਐਂਟਰੀ ਫੀਸ ਲਾ ਕੇ ਉਨ੍ਹਾਂ ’ਤੇ ਹੋਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਵਿਕ੍ਰੇਤਾਵਾਂ ਨੇ ਮਾਰਕੀਟ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਆੜ੍ਹਤੀਆਂ ਨਾਲ ਮਿਲੀਭੁਗਤ ਦੇ ਵੀ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਸਬਜ਼ੀ ਦੀ ਬੋਲੀ ਦੌਰਾਨ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਮੌਜੂਦ ਨਹੀਂ ਹੁੰਦਾ ਤੇ ਬੋਲੀ ਮੁਕੰਮਲ ਹੋਣ ਤੋਂ ਬਾਅਦ ਹੀ ਮੁਲਾਜ਼ਮ ਮੌਕੇ ’ਤੇ ਪਹੁੰਚਦੇ ਹਨ। ਵਿਕ੍ਰੇਤਾਵਾਂ ਨੇ ਮੰਗ ਕੀਤੀ ਕਿ ਹਰ ਆੜ੍ਹਤੀਏ ਦੀ ਦੁਕਾਨ ’ਤੇ ਸਰਕਾਰੀ ਸੀਸੀਟੀਵੀ ਕੈਮਰੇ ਲਾਏ ਜਾਣ ਤੇ ਸਬਜ਼ੀ ਦੀ ਬੋਲੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਬੋਲੀ ਦੀ ਰਕਮ ਮੌਕੇ ’ਤੇ ਹੀ ਰਜਿਸਟਰ ’ਚ ਦਰਜ ਕੀਤੀ ਜਾਵੇ ਤੇ ਬਣਦੀ ਮਾਰਕੀਟ ਫੀਸ ਆੜ੍ਹਤੀਆਂ ਤੋਂ ਵਸੂਲ ਕੀਤੀ ਜਾਵੇ। ਇਸ ਸਬੰਧੀ ਮੰਡੀ ਸੁਪਰਵਾਈਜ਼ਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਕੋਈ ਵੀ ਆੜ੍ਹਤੀਆ 7 ਫ਼ੀਸਦੀ ਤੋਂ ਵੱਧ ਕਮਿਸ਼ਨ ਨਹੀਂ ਲੈ ਸਕਦਾ, ਜੇਕਰ ਕੋਈ ਵੱਧ ਕਮਿਸ਼ਨ ਵਸੂਲਦਾ ਹੈ ਤਾਂ ਵਿਕ੍ਰੇਤਾ ਮਾਰਕੀਟ ਕਮੇਟੀ ਕੋਲ ਸ਼ਿਕਾਇਤ ਕਰ ਸਕਦੇ ਹਨ, ਜਿਸ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਰੇਹੜੀਆਂ ’ਤੇ ਐਂਟਰੀ ਫੀਸ ਸਿਰਫ਼ ਮੌੜ ਮੰਡੀ ’ਚ ਨਹੀਂ ਸਗੋਂ ਮੰਡੀ ਬੋਰਡ ਦੇ ਨਿਯਮਾਂ ਤਹਿਤ ਪੂਰੇ ਪੰਜਾਬ ’ਚ ਲਾਗੂ ਕੀਤੀ ਗਈ ਹੈ।