ਸੰਗਤ ਬਲਾਕ ਦੇ ਕਈ ਇਲਾਕਿਆਂ ’ਚ ਹਲਕੇ ਗੜੇ ਪਏ, ਪੱਕਾ ਝੋਨਾ ਵਿਛਿਆ; ਕਿਸਾਨ ਚਿੰਤਤ ਬੇਮੌਸਮੇ ਮੀਂਹ ਅਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੂਤੇ
Publish Date: Sun, 25 Oct 2026 05:11 PM (IST)
Updated Date: Sun, 25 Oct 2026 05:13 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਅੱਜ ਹੋਏ ਬੇਮੌਸਮੇ ਮੀਂਹ, ਬਲਾਕ ਸੰਗਤ ਦੇ ਕਈ ਇਲਾਕਿਆਂ ਵਿੱਚ ਪਏ ਹਲਕੇ ਗੜ੍ਹਿਆਂ ਅਤੇ ਤੇਜ਼ ਝੱਖੜ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਇਸ ਸਮੇਂ ਝੋਨੇ, ਨਰਮੇ ਅਤੇ ਕਪਾਹ ਦੀਆਂ ਫ਼ਸਲਾਂ ਪੱਕ ਕੇ ਤਿਆਰ ਖੜ੍ਹੀਆਂ ਹਨ। ਅਜਿਹੇ ਵਿੱਚ ਮੌਸਮ ਦੀ ਅਚਾਨਕ ਤਬਦੀਲੀ ਨੇ ਕਿਸਾਨਾਂ ਨੂੰ ਆਪਣੀ ਸਾਲ ਭਰ ਦੀ ਮਿਹਨਤ ਦੀ ਫ਼ਸਲ ਸੰਭਾਲਣ ਲਈ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਪੱਕਾ ਝੋਨਾ ਖੇਤਾਂ ਵਿੱਚ ਵਿਛ ਗਿਆ ਹੈ। ਕਿਸਾਨਾਂ ਮੁਤਾਬਕ ਇਸ ਨਾਲ ਫ਼ਸਲ ਦੀ ਗੁਣਵੱਤਾ ਅਤੇ ਝਾੜ ਪ੍ਰਭਾਵਿਤ ਹੋ ਸਕਦਾ ਹੈ। ਜ਼ਮੀਨ ’ਤੇ ਡਿੱਗੇ ਝੋਨੇ ਦੀ ਕੰਬਾਈਨ ਨਾਲ ਕਟਾਈ ਕਰਨੀ ਵੀ ਔਖੀ ਹੁੰਦੀ ਹੈ, ਜਿਸ ਕਾਰਨ ਸਮਾਂ ਅਤੇ ਖ਼ਰਚਾ ਵਧਣ ਦਾ ਖ਼ਦਸ਼ਾ ਹੈ। ਦੂਜੇ ਪਾਸੇ, ਮੰਡੀਆਂ ਵਿੱਚ ਖੁੱਲ੍ਹੇ ਵਿੱਚ ਪਿਆ ਝੋਨਾ ਮੀਂਹ ਕਾਰਨ ਭਿੱਜਣ ਨਾਲ ਨਮੀ ਵਧਣ ਦੀ ਚਿੰਤਾ ਵੀ ਬਣ ਗਈ ਹੈ। ਨਮੀ ਵੱਧ ਹੋਣ ਕਾਰਨ ਫ਼ਸਲ ਦੀ ਖ਼ਰੀਦ ਵਿੱਚ ਦਿੱਕਤ ਆ ਸਕਦੀ ਹੈ ਅਤੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਉਡੀਕ ਕਰਨੀ ਪੈ ਸਕਦੀ ਹੈ। ਪਿੰਡ ਗੁਰਥੜੀ ਦੇ ਕਿਸਾਨ ਗੁਰਲਾਲ ਸਿੰਘ, ਬਿੱਟੂ ਸਿੰਘ, ਗੁਰਜੰਟ ਸਿੰਘ ਮਾਨਵਾਲਾ ਅਤੇ ਰਘਵੀਰ ਸਿੰਘ ਮਾਨਵਾਲਾ ਨੇ ਦੱਸਿਆ ਕਿ ਨਰਮੇ ਅਤੇ ਕਪਾਹ ਦੀ ਫ਼ਸਲ ਵੀ ਚੁਗਾਈ ਲਈ ਤਿਆਰ ਹੈ। ਜੇਕਰ ਮੁੜ ਮੀਂਹ ਅਤੇ ਤੇਜ਼ ਹਨੇਰੀ ਆਉਂਦੀ ਹੈ ਤਾਂ ਨਰਮੇ ਦੀਆਂ ਛੱਟੀਆਂ ਵਿੱਚੋਂ ਰੂੰ ਡਿੱਗਣ ਨਾਲ ਉਤਪਾਦਨ ਅਤੇ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਪਰ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਕੰਬਾਈਨਾਂ ਚਲਾਉਣ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਵਾਢੀ ਵਿੱਚ ਦੇਰੀ ਹੋ ਸਕਦੀ ਹੈ। ਹਾਈਬ੍ਰਿਡ ਕਿਸਮ ਦੇ ਉੱਚੇ ਝੋਨੇ ਦੇ ਤੇਜ਼ ਹਵਾਵਾਂ ਨਾਲ ਡਿੱਗਣ ਦਾ ਖ਼ਦਸ਼ਾ ਵੀ ਵਧਿਆ ਹੈ। ਇਸ ਤੋਂ ਇਲਾਵਾ, ਕਣਕ ਦੀ ਬਿਜਾਈ ਦਾ ਸਮਾਂ ਨੇੜੇ ਹੋਣ ਕਾਰਨ ਖੇਤਾਂ ਵਿੱਚ ਵਧੇਰੇ ਨਮੀ ਅਤੇ ਪਾਣੀ ਖੜ੍ਹਨ ਨਾਲ ਖੇਤ ਤਿਆਰ ਕਰਨ ਵਿੱਚ ਦੇਰੀ ਹੋ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀ ਲਾਗਤ ਪਹਿਲਾਂ ਹੀ ਵਧੀ ਹੋਈ ਹੈ ਅਤੇ ਅਜਿਹੇ ਮੌਸਮ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਹੁਣ ਕਿਸਾਨਾਂ ਦੀਆਂ ਨਜ਼ਰਾਂ ਮੌਸਮ ’ਤੇ ਟਿਕੀਆਂ ਹੋਈਆਂ ਹਨ, ਤਾਂ ਜੋ ਪੱਕੀ ਫ਼ਸਲ ਦੀ ਸਮੇਂ ਸਿਰ ਕਟਾਈ ਕਰਕੇ ਆਪਣੀ ਮਿਹਨਤ ਦਾ ਮੁੱਲ ਪ੍ਰਾਪਤ ਕੀਤਾ ਜਾ ਸਕੇ।