ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨੇ ਮੰਡੀ ਕਲਾਂ ’ਚ ਝੋਨੇ ਦੀ ਪੱਕੀ ਫ਼ਸਲ ਵਿਛਾਈ, ਕਿਸਾਨਾਂ ਦਾ ਭਾਰੀ ਨੁਕਸਾਨ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨੇ ਮੰਡੀ ਕਲਾਂ ’ਚ ਝੋਨੇ ਦੀ ਪੱਕੀ ਫ਼ਸਲ ਵਿਛਾਈ, ਕਿਸਾਨਾਂ ਦਾ ਭਾਰੀ ਨੁਕਸਾਨ
Publish Date: Wed, 21 Oct 2026 04:40 PM (IST)
Updated Date: Wed, 21 Oct 2026 04:42 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼, ਤੇਜ਼ ਹਨੇਰੀ ਤੇ ਗੜੇਮਾਰੀ ਨੇ ਪਿੰਡ ਮੰਡੀ ਕਲਾਂ ਤੇ ਆਸ-ਪਾਸ ਦੇ ਇਲਾਕਿਆਂ ਵਿਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਵਾਢੀ ਲਈ ਪੂਰੀ ਤਰ੍ਹਾਂ ਤਿਆਰ ਖੜ੍ਹੀ ਫ਼ਸਲ ’ਤੇ ਕੁਦਰਤ ਦੀ ਅਚਾਨਕ ਪਈ ਮਾਰ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਈ ਖੇਤਾਂ ਵਿਚ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਜਾਣ ਕਾਰਨ ਕਿਸਾਨਾਂ ਨੂੰ ਨਾ ਸਿਰਫ਼ ਝਾੜ ਘਟਣ ਦਾ ਡਰ ਸਤਾ ਰਿਹਾ ਹੈ, ਸਗੋਂ ਫ਼ਸਲ ਦੀ ਕਟਾਈ ਤੇ ਅਨਾਜ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੀ ਚਿੰਤਾ ਵੀ ਵਧ ਗਈ ਹੈ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰਾ ਸੀਜ਼ਨ ਸਖ਼ਤ ਮਿਹਨਤ ਕਰਕੇ ਤੇ ਪ੍ਰਤੀ ਏਕੜ ਹਜ਼ਾਰਾਂ ਰੁਪਏ ਖ਼ਰਚ ਕਰਕੇ ਝੋਨੇ ਦੀ ਫ਼ਸਲ ਤਿਆਰ ਕੀਤੀ ਸੀ। ਕਿਸਾਨਾਂ ਨੂੰ ਉਮੀਦ ਸੀ ਕਿ ਵਾਢੀ ਤੋਂ ਬਾਅਦ ਫ਼ਸਲ ਵੇਚ ਕੇ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਕੁਝ ਹਿੱਸਾ ਉਤਾਰਨਗੇ ਤੇ ਅਗਲੀ ਕਣਕ ਦੀ ਬਿਜਾਈ ਲਈ ਬੀਜ, ਖਾਦ, ਡੀਜ਼ਲ ਤੇ ਹੋਰ ਖੇਤੀਬਾੜੀ ਖ਼ਰਚਿਆਂ ਦਾ ਪ੍ਰਬੰਧ ਕਰਨਗੇ। ਪਰ ਫ਼ਸਲ ਪੱਕਣ ਸਮੇਂ ਹੋਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਕਿਸਾਨਾਂ ਅਨੁਸਾਰ ਫ਼ਸਲ ਦੇ ਖੇਤਾਂ ਵਿਚ ਵਿਛ ਜਾਣ ਨਾਲ ਵਾਢੀ ਕਰਨ ਵਿਚ ਦਿੱਕਤ ਆਵੇਗੀ ਤੇ ਕੰਬਾਈਨ ਨਾਲ ਕਟਾਈ ਦਾ ਖ਼ਰਚ ਵੀ ਵਧ ਸਕਦਾ ਹੈ। ਇਸ ਤੋਂ ਇਲਾਵਾ, ਖੇਤਾਂ ਵਿਚ ਪਾਣੀ ਖੜ੍ਹਨ ਅਤੇ ਨਮੀ ਵਧਣ ਕਾਰਨ ਝੋਨੇ ਦੇ ਦਾਣਿਆਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਮੰਡੀਆਂ ਵਿਚ ਫ਼ਸਲ ਵੇਚਣ ਸਮੇਂ ਵੀ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾਂ ਹੀ ਖੇਤੀ ਲਾਗਤਾਂ ਵਿੱਚ ਵਾਧੇ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਹ ਨੁਕਸਾਨ ਆਰਥਿਕ ਸੰਕਟ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਹਿੰਮਤ ਸਿੰਘ ਕੁੱਤੀਵਾਲ ਫ਼ਸਲ ਦੇ ਨੁਕਸਾਨ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਹਿੰਮਤ ਸਿੰਘ ਕੁੱਤੀਵਾਲ ਨੇ ਆਪਣੀ ਟੀਮ ਸਮੇਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਖੇਤਾਂ ਵਿਚ ਜਾ ਕੇ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲਿਆ ਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਹਿੰਮਤ ਸਿੰਘ ਕੁੱਤੀਵਾਲ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਨੁਕਸਾਨੀ ਗਈ ਫ਼ਸਲ ਦੀ ਜਲਦ ਗਿਰਦਾਵਰੀ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਦੇ ਧਿਆਨ ਵਿਚ ਮਾਮਲਾ ਲਿਆਂਦਾ ਜਾਵੇਗਾ। ਕਿਸਾਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਬਿਨਾਂ ਦੇਰੀ ਪ੍ਰਭਾਵਿਤ ਖੇਤਾਂ ਦਾ ਸਰਵੇਖਣ ਕਰਵਾਇਆ ਜਾਵੇ ਅਤੇ ਅਸਲ ਨੁਕਸਾਨ ਦੇ ਆਧਾਰ ’ਤੇ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕੁਦਰਤੀ ਆਫ਼ਤ ਦੀ ਮਾਰ ਝੱਲ ਰਹੇ ਕਿਸਾਨ ਅਗਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰ ਸਕਣ ਅਤੇ ਉਨ੍ਹਾਂ ਨੂੰ ਹੋਰ ਆਰਥਿਕ ਬੋਝ ਨਾ ਝੱਲਣਾ ਪਵੇ।