ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ ਕਰਵਾਇਆ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ ਕਰਵਾਇਆ
Publish Date: Wed, 11 Nov 2026 05:39 PM (IST)
Updated Date: Wed, 11 Nov 2026 05:42 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ, ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਕਾਨੂੰਨੀ ਗਿਆਨ, ਖੋਜ ਯੋਗਤਾਵਾਂ, ਵਿਸ਼ਲੇਸ਼ਣਾਤਮਕ ਸੋਚ ਤੇ ਅਦਾਲਤੀ ਕਾਰਵਾਈ ਦੇ ਵਿਹਾਰਕ ਤਜਰਬੇ ਨੂੰ ਨਿਖਾਰਨ ਦੇ ਉਦੇਸ਼ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਦੋ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ-2026 ਕਰਵਾਇਆ ਗਿਆ। ਉਦਘਾਟਨੀ ਸਮਾਰੋਹ ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਸੀਨੀਅਰ ਐਡਵੋਕੇਟ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਚੀਫ਼ ਪੈਟਰਨ ਵਜੋਂ ਹਾਜ਼ਰ ਰਹੇ। ਇਸ ਮੌਕੇ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾ. ਪੀਯੂਸ਼ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਜਸਟਿਸ ਧਾਲੀਵਾਲ ਨੇ ਆਪਣੇ ਲੰਮੇ ਕਾਨੂੰਨੀ ਕਰੀਅਰ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਨੂੰ ਅਦਾਲਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਜਿਹੇ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੂਟ ਕੋਰਟ ਮੁਕਾਬਲੇ ਵਿਦਿਆਰਥੀਆਂ ਵਿੱਚ ਮਜ਼ਬੂਤ ਕਾਨੂੰਨੀ ਤਰਕਸ਼ਕਤੀ, ਪ੍ਰਭਾਵਸ਼ਾਲੀ ਸੰਚਾਰ ਅਤੇ ਪੇਸ਼ੇਵਰ ਅਨੁਸ਼ਾਸਨ ਵਿਕਸਿਤ ਕਰਨ ਵਿੱਚ ਸਹਾਈ ਹੁੰਦੇ ਹਨ। ਡਾ. ਬਲਰਾਜ ਸਿੰਘ ਨੇ ਵਿਹਾਰਕ ਕਾਨੂੰਨੀ ਸਿੱਖਿਆ ਵਿਚ ਮੂਟ ਕੋਰਟਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਨਵੇਂ ਅਤੇ ਪੁਰਾਣੇ ਕਾਨੂੰਨਾਂ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਧੀਮਾਨ ਅਤੇ ਡਾ. ਵਰਮਾ ਨੇ ਕਾਨੂੰਨੀ ਖੋਜ, ਆਲੋਚਨਾਤਮਕ ਸੋਚ ਅਤੇ ਵਕਾਲਤ ਦੇ ਹੁਨਰ ਨਿਖਾਰਨ ਦੇ ਨਾਲ-ਨਾਲ ਮੁਫ਼ਤ ਕਾਨੂੰਨੀ ਸਹਾਇਤਾ ਕਲੀਨਿਕ ਰਾਹੀਂ ਪੇਂਡੂ ਲੋਕਾਂ ਵਿੱਚ ਕਾਨੂੰਨੀ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਮੁਕਾਬਲੇ ਦੌਰਾਨ 18 ਜੱਜਾਂ ਅਤੇ ਕਾਨੂੰਨੀ ਮਾਹਿਰਾਂ ਦੇ ਪੈਨਲ ਨੇ ਪ੍ਰਤੀਭਾਗੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ। ਇਸ ਵਿਚ ਗੁਰਲੀਨ ਕੌਰ, ਪ੍ਰੀਤਇੰਦਰ ਵਸ਼ਿਸ਼ਟ ਅਤੇ ਵਿਧੀ ਸ਼ਰਮਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪ੍ਰਜਵਲ ਵਰਮਾ, ਐਂਜੇਲਾ ਅਤੇ ਹਰਮਨਪ੍ਰੀਤ ਕੌਰ ਦੀ ਟੀਮ ਉਪ-ਜੇਤੂ ਰਹੀ। ਡੀਨ ਡਾ. ਰਾਜੇਸ਼ ਕੁਮਾਰ ਅਤੇ ਵਿਭਾਗ ਮੁਖੀ ਡਾ. ਰਾਜੇਸ਼ ਬਿਸ਼ਨੋਈ ਨੇ ਦੱਸਿਆ ਕਿ ਜੱਜਾਂ ਦੇ ਪੈਨਲ ਨੇ ਅੱਠ ਮੂਟ ਕੋਰਟਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਕੀਤੇ। ਸਮਾਪਤੀ ਮੌਕੇ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਵਿਦਿਆਰਥੀਆਂ ਨੂੰ ਅਮਲੀ ਕਾਨੂੰਨੀ ਸਿੱਖਿਆ ਨਾਲ ਜੋੜਨ ਵੱਲ ਅਹਿਮ ਉਪਰਾਲਾ ਹੈ।