ਮੋਬਾਈਲ ਖੋਹਣ ਦੀ ਕੋਸ਼ਿਸ਼ ਦੌਰਾਨ ਤੇਜ਼ਧਾਰ ਹਥਿਆਰਬੰਦ ਦੋ ਲੁਟੇਰਿਆਂ ਵੱਲੋਂ ਨੌਜਵਾਨ ’ਤੇ ਜਾਨਲੇਵਾ ਹਮਲਾ, ਇਕ ਜ਼ਖ਼ਮੀ ਮੋਬਾਈਲ ਖੋਹਣ ਦੀ ਕੋਸ਼ਿਸ਼ ਦੌਰਾਨ ਤੇਜ਼ਧਾਰ ਹਥਿਆਰਬੰਦ ਦੋ ਲੁਟੇਰਿਆਂ ਵੱਲੋਂ ਨੌਜਵਾਨ ’ਤੇ ਜਾਨਲੇਵਾ ਹਮਲਾ, ਇਕ ਜ਼ਖ਼ਮੀ
Publish Date: Thu, 12 Nov 2026 05:57 PM (IST)
Updated Date: Thu, 12 Nov 2026 06:00 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਬੀਤੀ ਰਾਤ ਕਰੀਬ 9 ਵਜੇ ਸਥਾਨਕ ਬਾਲਮੀਕ ਮੁਹੱਲੇ ਵਿਚ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਦੌਰਾਨ ਮੋਟਰਸਾਈਕਲ ਸਵਾਰ ਦੋ ਤੇਜ਼ਧਾਰ ਹਥਿਆਰਬੰਦ ਲੁਟੇਰਿਆਂ ਨੇ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ਵਿਚ ਮੁਹੱਲੇ ਦੇ ਇਕ ਦੁਕਾਨਦਾਰ ਦਾ ਲੜਕਾ ਸੀਲੂ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਲੁਟੇਰੇ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਇਕ ਨੌਜਵਾਨ ਦਾ ਮੋਬਾਈਲ ਫੋਨ ਖੋਹਣ ਦੀ ਨੀਅਤ ਨਾਲ ਉਸ ਦਾ ਪਿੱਛਾ ਕਰ ਰਹੇ ਸਨ। ਜਦੋਂ ਮੁਹੱਲੇ ਦੇ ਮੋੜ ਨੇੜੇ ਨੌਜਵਾਨ ਹੇਠਾਂ ਡਿੱਗ ਪਿਆ ਤਾਂ ਲੁਟੇਰੇ ਮੋਬਾਈਲ ਫੋਨ ਖੋਹਣ ਲਈ ਉਸ ਨਾਲ ਹੱਥੋਪਾਈ ਹੋ ਗਏ। ਇਸੇ ਦੌਰਾਨ ਮੁਹੱਲੇ ਦੇ ਇੱਕ ਦੁਕਾਨਦਾਰ ਦੇ ਲੜਕੇ ਸੀਲੂ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰੌਲਾ ਸੁਣ ਕੇ ਮੁਹੱਲਾ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਦੋਵੇਂ ਲੁਟੇਰੇ ਆਪਣਾ ਹੀਰੋ, ਰੰਗ ਕਾਲਾ (ਨੰਬਰ ਐੱਚਆਰ 24 ਏਜੇ 4925) ਘਟਨਾ ਸਥਾਨ ’ਤੇ ਹੀ ਛੱਡ ਕੇ ਫਰਾਰ ਹੋ ਗਏ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਲੁਟੇਰੇ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਸਨ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸੀ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਲੋਕਾਂ ਦੀ ਸੁਰੱਖਿਆ ਹੀ ਯਕੀਨੀ ਨਹੀਂ ਬਣਾਈ ਜਾ ਸਕਦੀ ਤਾਂ ਸਰਕਾਰ ਚੁਣਨ ਦਾ ਕੀ ਮਹੱਤਵ ਰਹਿ ਜਾਂਦਾ ਹੈ। ਇਸ ਘਟਨਾ ਵਿਚ ਥਾਣਾ ਮੁਖੀ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਅਸਤ ਹਨ।