ਬਠਿੰਡਾ ਤੇ ਗੋਨਿਆਣਾ ਮੰਡੀ ’ਚ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਦੀ ਮੌਜੂਦਗੀ ਦਾ ਅਧਿਐਨ ਕਰਨਗੀਆਂ ਦੋ ਸੰਸਥਾਵਾਂ ਬਠਿੰਡਾ ਤੇ ਗੋਨਿਆਣਾ ਮੰਡੀ ਵਿਚ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਦੀ ਮੌਜੂਦਗੀ ਦਾ ਅਧਿਐਨ ਕਰਨਗੀਆਂ ਦੋ ਸੰਸਥਾਵਾਂ
Publish Date: Tue, 27 Oct 2026 04:51 PM (IST)
Updated Date: Tue, 27 Oct 2026 04:52 PM (IST)
ਪੰਜਾਬ ਕੇਂਦਰੀ ਯੂਨੀਵਰਸਿਟੀ ਤੇ ਕੇਂਦਰੀ ਭੂਜਲ ਬੋਰਡ ਚੰਡੀਗੜ੍ਹ ਵਿਚਕਾਰ ਸਮਝੌਤਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਅਤੇ ਕੇਂਦਰੀ ਭੂਜਲ ਬੋਰਡ, ਉੱਤਰ-ਪੱਛਮੀ ਖੇਤਰ, ਚੰਡੀਗੜ੍ਹ ਵੱਲੋਂ ਬਠਿੰਡਾ ਅਤੇ ਗੋਨਿਆਣਾ ਮੰਡੀ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦਾ ਅਧਿਐਨ ਕਰਨ ਲਈ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਸ ਅਧਿਐਨ ਦਾ ਮੁੱਖ ਉਦੇਸ਼ ਪਾਣੀ ਵਿਚ ਯੂਰੇਨੀਅਮ, ਹੋਰ ਭਾਰੀ ਧਾਤਾਂ ਅਤੇ ਰਸਾਇਣਕ ਤੱਤਾਂ ਦੀ ਮੌਜੂਦਗੀ ਦਾ ਪਤਾ ਲਾਉਣਾ ਹੈ। ਇਹ ਕਾਰਜ ਨੈਸ਼ਨਲ ਐਕੁਇਫਰ ਮੈਪਿੰਗ ਐਂਡ ਮੈਨੇਜਮੈਂਟ (ਨੈਕਵਿਮ) ਪ੍ਰੋਗਰਾਮ ਤਹਿਤ ਕੀਤਾ ਜਾਵੇਗਾ। ਸਮਝੌਤੇ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਅਤੇ ਕੇਂਦਰੀ ਭੂਜਲ ਬੋਰਡ ਦੇ ਖੇਤਰੀ ਨਿਰਦੇਸ਼ਕ ਨਿਧੀਸ਼ ਵਰਮਾ ਮੌਜੂਦ ਸਨ। ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਵਿਜੇ ਸ਼ਰਮਾ ਅਤੇ ਨੋਡਲ ਅਧਿਕਾਰੀ ਪ੍ਰੋ. ਜੇਕੇ ਪਟਨਾਇਕ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ, ਜਦਕਿ ਬੋਰਡ ਵੱਲੋਂ ਵਿਗਿਆਨੀ-ਸੀ ਕੁਲਦੀਪ ਗੋਪਾਲ ਭਾਰਤਰੀਆ ਨੇ ਦਸਤਖ਼ਤ ਕੀਤੇ। ਇਸ ਅਧਿਐਨ ਤਹਿਤ ਕੇਂਦਰੀ ਭੂਜਲ ਬੋਰਡ ਵੱਲੋਂ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਧਰਤੀ ਹੇਠਲੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਜਾਣਗੇ। ਇਨ੍ਹਾਂ ਦੀ ਜਾਂਚ ਰਾਹੀਂ ਯੂਰੇਨੀਅਮ, ਹੋਰ ਭਾਰੀ ਧਾਤਾਂ ਅਤੇ ਵੱਖ-ਵੱਖ ਰਸਾਇਣਕ ਤੱਤਾਂ ਦੀ ਮਾਤਰਾ ਦਾ ਪਤਾ ਲਾਇਆ ਜਾਵੇਗਾ। ਇਸ ਦੇ ਨਾਲ ਪਾਣੀ ਦੀ ਗੁਣਵੱਤਾ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ, ਸੰਭਾਵੀ ਪ੍ਰਦੂਸ਼ਿਤ ਖੇਤਰਾਂ ਦੇ ਨਕਸ਼ੇ ਤਿਆਰ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਗਰਾਨੀ ਦਾ ਕੰਮ ਵੀ ਕੀਤਾ ਜਾਵੇਗਾ। ਦੂਜੇ ਪਾਸੇ, ਯੂਨੀਵਰਸਿਟੀ ਦੇ ਮਾਹਿਰ ਪਾਣੀ ਵਿਚ ਮੌਜੂਦ ਖਣਿਜਾਂ ਅਤੇ ਰਸਾਇਣਕ ਤੱਤਾਂ ਦਾ ਅਧਿਐਨ ਕਰਨਗੇ। ਇਸ ਨਾਲ ਯੂਰੇਨੀਅਮ ਦੀ ਮੌਜੂਦਗੀ ਦੇ ਸੰਭਾਵੀ ਕੁਦਰਤੀ ਅਤੇ ਹੋਰ ਕਾਰਨਾਂ ਨੂੰ ਸਮਝਣ ਅਤੇ ਇਸ ਨਾਲ ਜੁੜੇ ਸਿਹਤ ਖ਼ਤਰਿਆਂ ਦਾ ਮੁਲਾਂਕਣ ਕਰਨ ਵਿਚ ਮਦਦ ਮਿਲੇਗੀ। ਦੋਵੇਂ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਅਧਿਐਨ ਦੀ ਅੰਤਿਮ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਮੌਕੇ ਯੂਨੀਵਰਸਿਟੀ ਦੇ ਆਈਕਿਊਏਸੀ ਦੀ ਨਿਰਦੇਸ਼ਕ ਪ੍ਰੋ. ਮੋਨਿਸ਼ਾ ਧੀਮਾਨ, ਖੋਜ ਅਤੇ ਵਿਕਾਸ ਦੀ ਨਿਰਦੇਸ਼ਕ ਪ੍ਰੋ. ਅੰਜਨਾ ਮੁੰਸ਼ੀ, ਪ੍ਰੋ. ਵੀਕੇ ਗਰਗ, ਪ੍ਰੋ. ਬੰਦਨਾ ਸਾਮੰਤ, ਡਾ. ਐੱਲਟੀ ਸਸਾਂਗ ਗੁਈਤੇ, ਪ੍ਰੋ. ਸੁਨੀਲ ਮਿੱਤਲ, ਪ੍ਰੋ. ਯੋਗਲਕਸ਼ਮੀ ਕੇਐੱਨ ਅਤੇ ਪ੍ਰੋ. ਸਮੀਰ ਦੁਰਾਨੀ ਸਮੇਤ ਹੋਰ ਅਧਿਆਪਕ ਮੌਜੂਦ ਸਨ। ਇਹ ਅਧਿਐਨ ਬਠਿੰਡਾ ਜ਼ਿਲ੍ਹੇ ਵਿਚ ਪਾਣੀ ਦੀ ਗੁਣਵੱਤਾ ਨਾਲ ਜੁੜੀਆਂ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਪ੍ਰਭਾਵਿਤ ਖੇਤਰਾਂ ਵਿਚ ਸੁਧਾਰ ਲਈ ਯੋਜਨਾਵਾਂ ਬਣਾਉਣ ਵਾਸਤੇ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸ ਨਾਲ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਧਰਤੀ ਹੇਠਲੇ ਪਾਣੀ ਦੇ ਟਿਕਾਊ ਪ੍ਰਬੰਧਨ ਲਈ ਵਿਗਿਆਨਕ ਆਧਾਰ ਵੀ ਮਿਲੇਗਾ।