- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਨੂੰ ਦੇਹ ਵਪਾਰ ਦੇ ਦੋਸ਼ ’ਚ ਬਾਦਲ ਰੋਡ ’ਤੇ ਸਥਿਤ ਇਕ ਘਰ 'ਚੋਂ ਗ੍ਰਿਫ਼ਤਾਰ ਕੀਤੀਆਂ ਦੋ ਔਰਤਾਂ ਸੋਮਵਾਰ ਨੂੰ ਚਿਲਡਰਨ ਹਸਪਤਾਲ ਦੇ ਬਾਥਰੂਮ ਦੀ ਖਿੜਕੀ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਈਆਂ। ਦੋਵੇਂ ਆਪਣੇ ਪਿਸ਼ਾਬ ਦਾ ਸੈਂਪਲ ਲੈਣ ਲਈ ਹਸਪਤਾਲ ਦੇ ਬਾਥਰੂਮ ’ਚ ਗਈਆਂ ਪਰ ਕਾਫੀ ਦੇਰ ਤੱਕ ਬਾਹਰ ਨਾ ਆਉਣ ’ਤੇ ਜਦੋਂ ਕਾਂਸਟੇਬਲ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਬਾਥਰੂਮ ’ਚ ਕੋਈ ਨਹੀਂ ਸੀ।

ਦੀਪਕ ਸ਼ਰਮਾ, ਬਠਿੰਡਾ : ਐਤਵਾਰ ਨੂੰ ਦੇਹ ਵਪਾਰ ਦੇ ਦੋਸ਼ ’ਚ ਬਾਦਲ ਰੋਡ ’ਤੇ ਸਥਿਤ ਇਕ ਘਰ 'ਚੋਂ ਗ੍ਰਿਫ਼ਤਾਰ ਕੀਤੀਆਂ ਦੋ ਔਰਤਾਂ ਸੋਮਵਾਰ ਨੂੰ ਚਿਲਡਰਨ ਹਸਪਤਾਲ ਦੇ ਬਾਥਰੂਮ ਦੀ ਖਿੜਕੀ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਈਆਂ। ਦੋਵੇਂ ਆਪਣੇ ਪਿਸ਼ਾਬ ਦਾ ਸੈਂਪਲ ਲੈਣ ਲਈ ਹਸਪਤਾਲ ਦੇ ਬਾਥਰੂਮ ’ਚ ਗਈਆਂ ਪਰ ਕਾਫੀ ਦੇਰ ਤੱਕ ਬਾਹਰ ਨਾ ਆਉਣ ’ਤੇ ਜਦੋਂ ਕਾਂਸਟੇਬਲ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਬਾਥਰੂਮ ’ਚ ਕੋਈ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੇ ਫ਼ਰਾਰ ਦੋਵੇਂ ਮੁਲਜ਼ਮ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਨੇ ਸੋਮਵਾਰ ਦੇਰ ਸ਼ਾਮ ਫ਼ਰਾਰ ਹੋਈਆਂ ਦੋਵੇਂ ਔਰਤਾਂ ਨੂੰ ਪਰਸਰਾਮ ਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਇਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ।
ਦਰਅਸਲ ਐਤਵਾਰ ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਸਥਾਨਕ ਬਾਦਲ ਰੋਡ ’ਤੇ ਸਥਿਤ ਇਕ ਘਰ ’ਚ ਛਾਪਾ ਮਾਰ ਕੇ ਤਿੰਨ ਔਰਤਾਂ ਅਤੇ ਦੋ ਵਿਅਕਤੀਆਂ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਦੇਹ ਵਪਾਰ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਘਰ ਦੀਆਂ ਔਰਤਾਂ ਸੁਖਜੀਤ ਕੌਰ, ਪੂਨਮ ਅਤੇ ਅਨੀਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸੋਮਵਾਰ ਦੁਪਹਿਰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਟੀਮ ਤਿੰਨਾਂ ਔਰਤਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀ ਸੀ। ਮੈਡੀਕਲ ਕਰਵਾਉਣ ਤੋਂ ਬਾਅਦ ਤਿੰਨਾਂ ਔਰਤਾਂ ਨੂੰ ਵੱਖ-ਵੱਖ ਟੈਸਟ ਕਰਨ ਲਈ ਉਨ੍ਹਾਂ ਦੇ ਪਿਸ਼ਾਬ ਦੇ ਨਮੂਨੇ ਲੈਣ ਲਈ ਚਿਲਡਰਨ ਹਸਪਤਾਲ ਦੇ ਬਾਥਰੂਮ ਭੇਜ ਦਿੱਤਾ ਗਿਆ। ਜਦੋਂ ਉਹ ਤਿੰਨਾਂ ਮੁਲਜ਼ਮ ਔਰਤਾਂ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਬਾਥਰੂਮ ਵਿਚ ਲੈ ਗਿਆ ਤਾਂ ਮਹਿਲਾ ਪੁਲਿਸ ਮੁਲਾਜ਼ਮ ਬਾਥਰੂਮ ਦੇ ਬਾਹਰ ਖੜ੍ਹੀਆਂ ਸਨ। ਇਸ ਤੋਂ ਬਾਅਦ ਮਹਿਲਾ ਪੂਨਮ ਅਤੇ ਅਨੀਤਾ ਬਾਥਰੂਮ ਦੇ ਅੰਦਰ ਸਥਿਤ ਖਿੜਕੀ ਤੋਂ ਛਾਲ ਮਾਰ ਕੇ ਹਸਪਤਾਲ ਤੋਂ ਫ਼ਰਾਰ ਹੋ ਗਈਆਂ, ਜਦਕਿ ਉਨ੍ਹਾਂ ਦੀ ਤੀਜੀ ਸਾਥਣ ਸੁਖਜੀਤ ਕੌਰ ਬਾਥਰੂਮ ਦੇ ਅੰਦਰ ਸੀ। ਕਰੀਬ 10 ਮਿੰਟ ਤਕ ਬਾਹਰ ਨਾ ਆਉਣ ’ਤੇ ਜਦੋਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਪੂਨਮ ਅਤੇ ਅਨੀਤਾ ਗਾਇਬ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਸਮੇਂ ਤਕ ਉਨ੍ਹਾਂ ਦੀ ਭਾਲ ਕਰਨ ਤੋਂ ਬਾਅਦ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਦੋਵੇਂ ਫ਼ਰਾਰ ਔਰਤਾਂ ਨੂੰ ਸਥਾਨਕ ਪਰਸਰਾਮ ਨਗਰ ਸਥਿਤ ਇਕ ਘਰ ’ਚੋਂ ਕਾਬੂ ਕਰ ਲਿਆ ਹੈ। ਡੀਐਸਪੀ ਸਿਟੀ 1 ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਦੋਵੇਂ ਔਰਤਾਂ ਖ਼ਲਿਾਫ਼ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ, ਜਦੋਂਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਕਿਸੇ ਮੁਲਾਜ਼ਮ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਖ਼ਲਿਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।