ਦੋ ਸੜਕ ਹਾਦਸਿਆਂ ਵਿਚ 2 ਦੀ ਮੌਤ, 5 ਵਿਅਕਤੀ ਗੰਭੀਰ ਜਖਮੀ ਦੋ ਸੜਕ ਹਾਦਸਿਆਂ ਵਿਚ ਦੋ ਦੀ ਮੌਤ, ਪੰਜ ਵਿਅਕਤੀ ਗੰਭੀਰ ਜਖਮੀ
Publish Date: Thu, 10 Sep 2026 08:04 PM (IST)
Updated Date: Fri, 11 Sep 2026 04:10 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ਅੰਦਰ ਹੋਏ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ। ਇਨ੍ਹਾਂ ਵਿਚ ਰਾਮਪੁਰਾ ਫੂਲ ਵੈਟਰਨਰੀ ਕਾਲਜ ਵਿਚ ਪੜ੍ਹਾਈ ਕਰਨ ਵਾਲੇ ਚਾਰ ਨੌਜਵਾਨ ਵੀ ਸ਼ਾਮਲ ਹਨ, ਜਿਹੜੇ ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰ ਅਨੁਸਾਰ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ’ਤੇ ਰਾਮਪੁਰਾ ਵਿਖੇ ਖਾਲਸਾ ਮਾਰਕੀਟ ਨੇੜੇ ਕੈਂਟਰ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੈਂਟਰ ਦੇ ਡਰਾਈਵਰ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਕੈਂਟਰ ਚੰਡੀਗੜ੍ਹ ਤੋਂ ਬਠਿੰਡਾ ਵੱਲ ਆ ਰਿਹਾ ਸੀ। ਜਦੋਂ ਇਹ ਖਾਲਸਾ ਮਾਰਕੀਟ ਨੇੜੇ ਇੱਕ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਇਸ ਦੀ ਘੋੜਾ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇਨ੍ਹੀ ਭਿਆਨਕ ਸੀ ਕਿ ਕੈਂਟਰ ਵਿੱਚ ਸਵਾਰ ਤਿੰਨ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਕੈਂਟਰ ਚਲਾ ਰਹੇ ਮਨਪ੍ਰੀਤ ਸਿੰਘ (36) ਪੁੱਤਰ ਦਰਸ਼ਨ ਸਿੰਘ ਵਾਸੀ ਹਰਬੰਸ ਨਗਰ ਗਲੀ ਨੰਬਰ 6, ਬਠਿੰਡਾ ਅਤੇ ਹੈਲਪਰ ਅਰਸ਼ਦੀਪ ਸਿੰਘ (24) ਪੁੱਤਰ ਬਲਜੀਤ ਸਿੰਘ, ਵਾਸੀ ਪਿੰਡ ਸਿਵੀਆਂ, ਜ਼ਿਲ੍ਹਾ ਬਠਿੰਡਾ ਗੰਭੀਰ ਜ਼ਖ਼ਮੀ ਹੋ ਗਏ। ਦੂਜੇ ਹੈਲਪਰ ਹਰਵਿੰਦਰ ਸਿੰਘ (30) ਪੁੱਤਰ ਹਰਮੇਲ ਸਿੰਘ, ਵਾਸੀ ਪਿੰਡ ਮਹਿਮਾ ਸਰਕਾਰੀ ਬਠਿੰਡਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਸਮਾਜ ਸੇਵਾ (ਰਜਿ.) ਦੀ ਐਂਬੂਲੈਂਸ ਤੁਰੰਤ ਮੌਕੇ ’ਤੇ ਪਹੁੰਚੀ। ਸਹਾਰਾ ਸਮਾਜ ਸੇਵਾ ਦੇ ਵਰਕਰਾਂ ਨੇ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤਰ੍ਹਾਂ ਬਠਿੰਡਾ ਵਿੱਚ ਬੀਬੀ ਵਾਲਾ ਰੋਡ ’ਤੇ ਦੇਰ ਰਾਤ ਇੱਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਦੀ ਸਫਾਰੀ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਤੋਂ ਬਾਅਦ ਸਵਿਫਟ ਕਾਰ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਖੜ੍ਹੀ ਐਕਸਯੂਵੀ-700 ਗੱਡੀ ਨਾਲ ਜਾ ਟਕਰਾਈ ਅਤੇ ਉਲਟ ਗਈ। ਹਾਦਸੇ ਵਿੱਚ ਕਾਰ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸਵਿਫਟ ਡਿਜ਼ਾਇਰ ਕਾਰ ਡਾਕਟਰ ਬਡਿਆਲ ਹਸਪਤਾਲ ਤੋਂ ਫੌਜੀ ਚੌਂਕ ਵੱਲ ਜਾ ਰਹੀ ਸੀ। ਜਦੋਂ ਕਾਰ ਟ੍ਰੈਫਿਕ ਲਾਈਟ ਟੀ-ਪੁਆਇੰਟ ਨੇੜੇ ਪਹੁੰਚੀ ਤਾਂ ਇਸ ਦੀ ਸਫਾਰੀ ਕਾਰ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਸਵਿਫਟ ਕਾਰ ਬੇਕਾਬੂ ਹੋ ਕੇ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਪਾਰਕ ਕੀਤੀ ਐਕਸਯੂਵੀ-700 ਨਾਲ ਟਕਰਾ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਾਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਆਕਾਸ਼ ਗਰਗ ਐਂਬੂਲੈਂਸਾਂ ਸਮੇਤ ਮੌਕੇ ’ਤੇ ਪਹੁੰਚੇ। ਵਾਲੰਟੀਅਰਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਪਲਟੀ ਹੋਈ ਕਾਰ ਨੂੰ ਸਿੱਧਾ ਕਰਵਾਇਆ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਕਾਰ ਵਿੱਚ ਫਸੇ ਸਾਰੇ ਨੌਜਵਾਨਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਸੰਸਥਾ ਦੀਆਂ ਐਂਬੂਲੈਂਸ ਟੀਮਾਂ ਵੱਲੋਂ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਦੀ ਪਛਾਣ ਕੁੰਵਰ ਸੰਗਰਾਮ ਸਿੰਘ (22) ਪੁੱਤਰ ਇਕਬਾਲ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਗਗਨਦੀਪ ਸਿੰਘ (21) ਪੁੱਤਰ ਤਜਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਹਰਕਰਮ ਸਿੰਘ (21) ਵਾਸੀ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਨਮੋਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਨੌਜਵਾਨ ਬਠਿੰਡਾ ਦੇ ਰਾਮਪੁਰਾ ਫੂਲ ਵੈਟਰਨਰੀ ਕਾਲਜ ’ਚ ਵੈਟਰਨਰੀ ਡਾਕਟਰ ਦੀ ਪੜ੍ਹਾਈ ਕਰ ਰਹੇ ਸਨ। ਪੁਲਿਸ ਵੱਲੋਂ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।