ਬਾਈਕ ਚੋਰੀ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ, ਪੰਜ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਬਾਈਕ ਚੋਰੀ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ, ਪੰਜ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ
Publish Date: Fri, 04 Sep 2026 03:55 PM (IST)
Updated Date: Fri, 04 Sep 2026 03:58 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਥਾਣਾ ਨੰਦਗੜ੍ਹ ਪੁਲਿਸ ਨੇ ਬਾਈਕ ਚੋਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੰਜ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਧੇ ਸਿੰਘ ਉਰਫ਼ ਸੋਜੇ ਵਾਸੀ ਲੁਲਵਾਈ, ਉਮਰ ਕਰੀਬ 28 ਸਾਲ, ਅਤੇ ਹਰਮਨਦੀਪ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ, ਜ਼ਿਲ੍ਹਾ ਬਠਿੰਡਾ, ਉਮਰ ਕਰੀਬ 21 ਸਾਲ ਵਜੋਂ ਹੋਈ ਹੈ। ਥਾਣਾ ਨੰਦਗੜ੍ਹ ਦੇ ਮੁੱਖ ਅਫ਼ਸਰ ਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਇਸ ਦੌਰਾਨ ਏਐੱਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਟੀਮ ਪਿੰਡ ਜਗੀਰਾਣਾ ਤੋਂ ਪਿੰਡ ਬੰਬੀਹਾ ਵੱਲ ਜਾਣ ਵਾਲੀ ਨਹਿਰ ਦੀ ਪਟੜੀ ’ਤੇ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਦੋ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ। ਇਸ ਸਬੰਧੀ ਥਾਣਾ ਨੰਦਗੜ੍ਹ ਵਿਚ ਮਾਮਲਾ ਦਰਜ ਕਰਕੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ। ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਅਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚਾਰ ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ। ਇਸ ਤਰ੍ਹਾਂ ਪੁਲਿਸ ਵੱਲੋਂ ਹੁਣ ਤੱਕ ਕੁੱਲ ਪੰਜ ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ। ਪੁਲਿਸ ਮੁਤਾਬਕ ਮੁਲਜ਼ਮ ਸੰਧੇ ਸਿੰਘ ਉਰਫ਼ ਸੋਜੇ ਖ਼ਿਲਾਫ਼ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਬਠਿੰਡਾ ਵਿੱਚ ਸਾਲ 2023 ਦਾ ਚੋਰੀ ਦਾ ਮਾਮਲਾ, ਥਾਣਾ ਗਿੱਦੜਬਾਹਾ ਵਿੱਚ ਸਾਲ 2019 ਦਾ ਮਾਮਲਾ ਅਤੇ ਥਾਣਾ ਨੰਦਗੜ੍ਹ ਵਿਚ ਸਾਲ 2019 ਦੌਰਾਨ ਆਬਕਾਰੀ ਐਕਟ ਤਹਿਤ ਦਰਜ ਮਾਮਲਾ ਸ਼ਾਮਲ ਹੈ।