ਬਿਜਲੀ ਦੇ ਸ਼ਾਰਟ ਸਰਕਟ ਨਾਲ ਪਰਾਲੀ ਨਾਲ ਭਰਿਆ ਟਰਾਲਾ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ ਬਿਜਲੀ ਦੇ ਸ਼ਾਰਟ ਸਰਕਟ ਨਾਲ ਪਰਾਲੀ ਨਾਲ ਭਰਿਆ ਟਰਾਲਾ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ
Publish Date: Wed, 04 Nov 2026 06:09 PM (IST)
Updated Date: Wed, 04 Nov 2026 06:11 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮੌੜ ਮੰਡੀ ਦੇ ਨੇੜਲੇ ਪਿੰਡ ਕੁੱਤੀਵਾਲ ਖੁਰਦ ਵਿਖੇ ਇਕ ਝੋਨੇ ਦੀ ਪਰਾਲੀ ਨਾਲ ਭਰੇ ਟਰਾਲੇ ਨੂੰ ਅੱਗ ਲੱਗਣ ਕਾਰਨ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖੇਤ ਵਿਚੋਂ ਝੋਨੇ ਦੀ ਪਰਾਲੀ ਦਾ ਭਰਿਆ ਟਰਾਲਾ ਲੈ ਕੇ ਜਾ ਰਹੇ ਇਕ ਕਿਸਾਨ ਦੀ ਪਰਾਲੀ ਤੇ ਟਰਾਲਾ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਹੋਏ ਸ਼ਾਰਟ ਸਰਕਟ ਦੀ ਲਪੇਟ ’ਚ ਆ ਕੇ ਸੜ ਕੇ ਸੁਆਹ ਹੋ ਗਏ। ਪੀੜਤ ਕਿਸਾਨ ਰਾਮ ਸਿੰਘ ਪੁੱਤਰ ਚੰਨਣ ਸਿੰਘ, ਵਾਸੀ ਪਿੰਡ ਕੁੱਤੀਵਾਲ ਖੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਖੇਤ ਵਿਚੋਂ ਝੋਨੇ ਦੀ ਪਰਾਲੀ ਦਾ ਟਰਾਲਾ ਭਰ ਕੇ ਲਿਆ ਰਿਹਾ ਸੀ। ਰਸਤੇ ਵਿਚ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਸ਼ਾਰਟ ਸਰਕਟ ਹੋ ਗਿਆ, ਜਿਸ ਨਾਲ ਟਰਾਲੇ ਵਿੱਚ ਲੱਦੀ ਪਰਾਲੀ ਨੇ ਅਚਾਨਕ ਅੱਗ ਫੜ ਲਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਪਰਾਲੀ ਸਮੇਤ ਟਰਾਲਾ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਕਿਸਾਨ ਰਾਮ ਸਿੰਘ ਮੁਤਾਬਕ ਇਸ ਹਾਦਸੇ ਵਿਚ ਉਨ੍ਹਾਂ ਦਾ ਲਗਭਗ 3 ਲੱਖ ਰੁਪਏ ਦਾ ਭਾਰੀ ਵਿੱਤੀ ਨੁਕਸਾਨ ਹੋ ਗਿਆ।ਇਸ ਦੁਖਦਾਈ ਘਟਨਾ ਤੋਂ ਬਾਅਦ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਬਿਜਲੀ ਬੋਰਡ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨੀਵੀਆਂ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹੋਰ ਹਾਦਸਿਆਂ ਤੋਂ ਬਚਾਅ ਹੋ ਸਕੇ।