ਭੇਡ-ਬੱਕਰੀ ਪਾਲਣ ਲਈ 27 ਸਿਖਿਆਰਥੀਆਂ ਨੂੰ ਸਿਖਲਾਈ ਭੇਡ-ਬੱਕਰੀ ਪਾਲਣ ਲਈ 27 ਸਿਖਿਆਰਥੀਆਂ ਨੂੰ ਸਿਖਲਾਈ
Publish Date: Fri, 30 Oct 2026 04:58 PM (IST)
Updated Date: Sat, 31 Oct 2026 04:02 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਵਿਖੇ ਬੱਕਰੀ ਅਤੇ ਭੇਡ ਪਾਲਣ ਸਬੰਧੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਇਸ ਕਾਲਜ ਵਿਖੇ 21 ਤੋਂ 28 ਅਕਤੂਬਰ ਤੱਕ ਕਰਵਾਏ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 15 ਪੁਰਸ਼ਾਂ ਤੇ 12 ਔਰਤਾਂ ਸਮੇਤ ਕੁੱਲ 27 ਸਿਖਿਆਰਥੀਆਂ ਨੇ ਹਿੱਸਾ ਲਿਆ। ਵੈਟਰਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ ਦੇ ਹੁਨਰ ਵਿਕਾਸ ਕੇਂਦਰ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ 30 ਤੋਂ ਵੱਧ ਸਿਖਲਾਈ ਸੈਸ਼ਨ ਲਗਾਏ ਗਏ। ਇਨ੍ਹਾਂ ਵਿੱਚ ਮਾਹਿਰਾਂ ਵੱਲੋਂ ਬੱਕਰੀ ਅਤੇ ਭੇਡਾਂ ਦੀਆਂ ਵੱਖ-ਵੱਖ ਨਸਲਾਂ, ਰਿਹਾਇਸ਼ੀ ਪ੍ਰਬੰਧ, ਖੁਰਾਕ, ਪ੍ਰਜਨਨ, ਸਿਹਤ ਸੰਭਾਲ, ਫਾਰਮ ਪ੍ਰਬੰਧਨ, ਬਾਇਓਸਕਿਊਰਿਟੀ ਅਤੇ ਮੰਡੀਕਰਨ ਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿਖਿਆਰਥੀਆਂ ਨੂੰ ਕਾਲਜ ਦੇ ਪਸ਼ੂ ਫਾਰਮ ਵਿਖੇ ਮੌਜੂਦ ਕਜਲੀ ਭੇਡਾਂ ਅਤੇ ਬੀਟਲ ਬੱਕਰੀਆਂ ਬਾਰੇ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਪ੍ਰੋਗਰਾਮ ਦਾ ਸੰਚਾਲਨ ਡਾ. ਸੰਦੀਪ ਕਸਵਾਂ, ਡਾ. ਇੰਸ਼ਾ ਮੀਰ ਅਤੇ ਡਾ. ਪ੍ਰਿਆ ਵੱਲੋਂ ਕੀਤਾ ਗਿਆ, ਜਦਕਿ ਡਾ. ਯਸ਼ਵੰਤ ਸਿੰਘ ਅਤੇ ਡਾ. ਅਮਿਤ ਸ਼ਰਮਾ ਨੇ ਤਕਨੀਕੀ ਸਹਿਯੋਗ ਦਿੱਤਾ। ਸਮਾਪਤੀ ਸਮਾਰੋਹ ਦੌਰਾਨ ਕਾਲਜ ਦੇ ਡੀਨ ਅਤੇ ਕੋਰਸ ਡਾਇਰੈਕਟਰ ਡਾ. ਕੁਲਦੀਪ ਗੁਪਤਾ ਨੇ ਸਫਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਉਨ੍ਹਾਂ ਕਿਹਾ ਕਿ ਬੱਕਰੀ ਅਤੇ ਭੇਡ ਪਾਲਣ ਦਾ ਕਿੱਤਾ ਆਰਥਿਕ ਸਸ਼ਕਤੀਕਰਨ ਅਤੇ ਸਵੈ-ਰੁਜ਼ਗਾਰ ਦਾ ਵਧੀਆ ਸਾਧਨ ਬਣ ਸਕਦਾ ਹੈ। ਡਾ. ਆਰ.ਐੱਸ. ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਗਿਆਨਕ ਢੰਗਾਂ ਨਾਲ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭੇਡ ਪਾਲਣ ਦੇ ਕਿੱਤੇ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਸਿੱਖਿਆ, ਖੋਜ ਅਤੇ ਪਸਾਰ ਗਤੀਵਿਧੀਆਂ ਰਾਹੀਂ ਪਸ਼ੂ ਪਾਲਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਕਿੱਤਾ ਪੇਂਡੂ ਨੌਜਵਾਨਾਂ ਲਈ ਸਵੈ-ਰੁਜ਼ਗਾਰ ਅਤੇ ਆਮਦਨ ਦੇ ਸਥਾਈ ਸਾਧਨ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਸਿਖਿਆਰਥੀਆਂ ਨੇ ਸਿਖਲਾਈ ਨੂੰ ਲਾਹੇਵੰਦ ਦੱਸਦਿਆਂ ਇਸ ਕਿੱਤੇ ਨੂੰ ਸ਼ੁਰੂ ਕਰਨ ਵਿੱਚ ਦਿਲਚਸਪੀ ਦਿਖਾਈ।